ਪਟਿਆਲਾ| ਬੀਮਾ ਕੰਪਨੀ ਵਿੱਚ ਕੰਮ ਕਰਨ ਵਾਲੀ ਲੜਕੀ ਨੂੰ ਪਾਲਿਸੀ ਦੇ ਬਹਾਨੇ ਘਰ ਬੁਲਾਉਣ ਮਗਰੋਂ 52 ਸਾਲਾਂ ਦੋਸ਼ੀ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ, ਉਥੇ ਮੌਜੂਦ ਡਾਕਟਰ ਤੇ ਇੱਕ ਹੋਰ ਕਥਿਤ ਦੋਸ਼ੀ ਨੇ 26 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਕਿਸੇ ਤਰ੍ਹਾਂ ਖੁਦ ਨੂੰ ਛੁਡਾਉਣ ਮਗਰੋਂ ਕੁੜੀ ਸਿੱਧਾ ਪੁਲਿਸ ਥਾਣੇ ਪਹੁੰਚੀ।
ਲਾਹੌਰੀ ਗੇਟ ਥਾਣਾ ਪੁਲਿਸ ਨੇ ਪੀੜਤ ਕੁੜੀ ਦੇ ਬਿਆਨਾਂ ‘ਤੇ ਦੋਸ਼ੀ ਗੁਰਵਿੰਦਰ ਸਿੰਘ ਨਿਵਾਸੀ ਫਤਿਹਗੜ੍ਹ ਸਾਹਿਬ, ਡਾਕਟਰ ਤੇ ਇੱਕ ਅਣਪਛਾਤੇ ਬੰਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਮਾਮਲਾ ਬੀਤੇ ਦਿਨ ਨੂੰ ਦਰਜ ਕੀਤਾ ਗਿਆ ਹੈ, ਜਿਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਲਾਹੌਰੀ ਗੇਟ ਦੇ ਇੰਚਰਾਜ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਮੁੱਖ ਦੋਸ਼ੀ ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੇ ਆਪਣੇ ਡਾਕਟਰ ਸਾਥੀ ਦੇ ਘਰ ‘ਤੇ ਕੁੜੀ ਨੂੰ ਬੁਲਾਉਣ ਮਗਰੋਂ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਪੀੜਤਾ ਮੁਤਾਬਕ ਉਹ ਬਜਾਜ ਅਲਾਇੰਸ ਕੰਪਨੀ ਵਿੱਚ ਪ੍ਰਾਈਵੇਟ ਨੌਕਰੀ ਕਰਦੀ ਹੈ। ਕੰਪਨੀ ‘ਚ ਕੰਮ ਕਰਦੇ ਸਮੇਂ ਉਸ ਨੇ ਦੋਸ਼ੀ ਗੁਰਵਿੰਦਰ ਸਿੰਘ ਨੂੰ ਫੋਨ ਕੀਤਾ ਅਤੇ ਇਨਵੈਸਟਮੈਂਟ ਪਾਲਿਸੀ ਬਾਰੇ ਦੱਸਿਆ। 5 ਅਪ੍ਰੈਲ ਨੂੰ ਦੋਸ਼ੀ ਨੇ ਕਿਹਾ ਕਿ ਉਹ ਪਟਿਆਲਾ ਆਪਣੇ ਕਿਸੇ ਦੋਸਤ ਕੋਲ ਆਇਆ ਹੈ, ਉਥੇ ਆ ਕੇ ਗੱਲ ਕਰ ਲਵੇ। ਦੋਸ਼ੀਆਂ ਵੱਲੋਂ ਬੁਲਾਏ ਜਾਣ ’ਤੇ ਜਦੋਂ ਪੀੜਤਾ ਬੱਸ ਅੱਡੇ ’ਤੇ ਪੁੱਜੀ ਤਾਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਡਰਾਈਵਰ ਨੂੰ ਭੇਜ ਦਿੱਤਾ ਹੈ। ਬੱਸ ਸਟੈਂਡ ‘ਤੇ ਆਏ ਬੰਦੇ ਨੇ ਦੱਸਿਆ ਕਿ ਉਹ ਡਾਈਟੀਸ਼ੀਅਨ ਦਾ ਡਾਕਟਰ ਹੈ ਅਤੇ ਗੁਰਵਿੰਦਰ ਦਾ ਦੋਸਤ ਹੈ।
ਆਪਣੇ ਆਪ ਨੂੰ ਡਾਕਟਰ ਦੱਸਣ ਵਾਲਾ ਇਹ ਬੰਦਾ ਪੀੜਤਾ ਨੂੰ ਆਪਣੇ ਨਾਲ ਘਰ ਲੈ ਗਿਆ, ਜਿੱਥੇ ਕੁਝ ਸਮੇਂ ਬਾਅਦ ਗੁਰਵਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਨਾਲ ਆ ਗਿਆ। ਇੱਥੇ ਗੁਰਵਿੰਦਰ ਸਿੰਘ ਨੇ ਪੀੜਤਾ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਕੀ ਦੋ ਦੋਸ਼ੀਆਂ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਬੜੀ ਮੁਸ਼ਕਲ ਨਾਲ ਪੀੜਤਾ ਉਥੋਂ ਭੱਜ ਗਈ ਅਤੇ ਬਾਅਦ ‘ਚ ਪੁਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ।
                
		



































