ਪਠਾਨਕੋਟ, 5 ਅਕਤੂਬਰ | ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਦੇ ਇਕ ਨੌਜਵਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਸੋਨੇ ਦਾ ਤਮਗਾ ਜਿੱਤ ਲਿਆ ਹੈ। ਅਮਨਦੀਪ ਨੇ ਕਿਹਾ ਕਿ ਮੇਰੇ ਸਿਰ ਉੱਪਰ ਬਾਪ ਦਾ ਸਾਇਆ ਨਹੀਂ ਹੈ। ਮੈਂ ਸਖਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ।
ਦੱਸ ਦਈਏ ਕਿ ਅਮਨਦੀਪ 2 ਦਿਨ ਪਹਿਲਾਂ ਹੀ ਬੀਮਾਰ ਹੋਣ ਕਾਰਨ ਹਸਪਤਾਲ ਤੋਂ ਘਰ ਪਰਤਿਆ ਸੀ ਪਰ ਉਸਦਾ ਸਾਰਾ ਧਿਆਨ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਹੀ ਸੀ। ਅਮਨਦੀਪ ਲਾਚੀ ਨੇ ਕਿਹਾ ਕਿ ਮੈਂ ਪੂਰਾ ਸਾਲ ਤਿਆਰੀ ਕੀਤੀ ਸੀ ਤੇ ਹੌਸਲਾ ਨਹੀਂ ਛੱਡਿਆ।
ਅਮਨਦੀਪ ਲਾਚੀ ਦੇ ਇਸ ਜਜ਼ਬੇ ਅਤੇ ਦ੍ਰਿੜਤਾ ਨੂੰ ਵੇਖਦਿਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰਾਂ ਨੇ ਅਮਨਦੀਪ ਨੂੰ ਸਨਮਾਨਿਤ ਕੀਤਾ। ਰਾਘਵ ਅਤੇ ਹਰੀਸ਼ ਗੋਰਖਾ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਇਸ ਨੌਜਵਾਨ ਨੇ ਬੀਮਾਰ ਹੁੰਦਿਆਂ ਵੀ ਆਪਣਾ ਸੁਪਨਾ ਨਹੀਂ ਟੁੱਟਣ ਦਿੱਤਾ। ਅਸੀਂ ਇਸਦੇ ਜਜ਼ਬਾਤਾਂ ਅਤੇ ਦ੍ਰਿੜ ਸੰਕਲਪ ਦਾ ਸਤਿਕਾਰ ਕਰਦੇ ਹਾਂ। ਇਸ ਮੌਕੇ ਉਨ੍ਹਾਂ ਹੋਰ ਸਾਮਾਨ ਦੇ ਨਾਲ ਜੈਵਲਿਨ ਥਰੋ ਦੇ ਕੇ ਇਸ ਨੌਜਵਾਨ ਨੂੰ ਸਨਮਾਨਿਤ ਕੀਤਾ।