ਪੈਰਿਸ ਓਲੰਪਿਕ ਤਮਗਾ ਜੇਤੂ ਅਮਨ ਸਹਿਰਾਵਤ ਪਰਤਿਆ ਭਾਰਤ, ਹੋਇਆ ਸ਼ਾਨਦਾਰ ਸਵਾਗਤ

0
828

ਦਿੱਲੀ, 13 ਅਗਸਤ| ਪੈਰਿਸ ਓਲੰਪਿਕ 2024 ਵਿੱਚ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਣ ਵਾਲੇ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਪਹਿਲਵਾਨ ਅਮਨ ਸਹਿਰਾਵਤ ਭਾਰਤ ਪਰਤ ਆਏ ਹਨ। ਦਿੱਲੀ ‘ਚ ਅਮਨ ਸਹਿਰਾਵਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਏਅਰਪੋਰਟ ਦੇ ਬਾਹਰ ਭਾਰੀ ਭੀੜ ਦੇਖਣ ਨੂੰ ਮਿਲੀ।

21 ਸਾਲਾ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ‘ਚ ਪੁਰਸ਼ਾਂ ਦੇ 57 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਮੁਕਾਬਲੇ ‘ਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤੀ ਝੰਡਾ ਲਹਿਰਾਇਆ ਅਤੇ ਵੱਡਾ ਇਤਿਹਾਸ ਵੀ ਰਚ ਦਿੱਤਾ। ਅਮਨ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਅਥਲੀਟ ਵੀ ਬਣ ਗਿਆ ਹੈ।

ਜਦੋਂ ਅਮਨ ਸਹਿਰਾਵਤ ਪੈਰਿਸ ਓਲੰਪਿਕ ਲਈ ਰਵਾਨਾ ਹੋਏ ਤਾਂ ਬਹੁਤ ਘੱਟ ਲੋਕ ਉਨ੍ਹਾਂ ਬਾਰੇ ਜਾਣਦੇ ਸਨ। ਹੁਣ ਜਦੋਂ ਉਹ ਕਾਂਸੀ ਦਾ ਤਗਮਾ ਜਿੱਤ ਕੇ ਵਾਪਸ ਪਰਤਿਆ ਹੈ ਤਾਂ ਉਸ ਨੂੰ ਦੇਖਣ ਲਈ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਪ੍ਰਸ਼ੰਸਕਾਂ ਨੂੰ ਰੋਕਣਾ ਮੁਸ਼ਕਲ ਹੋ ਗਿਆ।

ਭਾਰਤ ਦੀ ਨੁਮਾਇੰਦਗੀ ਕਰ ਰਹੇ ਹਰਿਆਣਾ ਦੇ ਅਮਨ ਸਹਿਰਾਵਤ ਨੇ ਪੋਰਟੋ ਰੀਕੋ ਦੇ ਡਾਰਲਿਨ ਤੁਈ ਕਰੂਜ਼ ਨੂੰ 13-5 ਨਾਲ ਹਰਾਇਆ। ਅਮਨ ਦੀ ਬਦੌਲਤ ਭਾਰਤ ਨੂੰ ਇਸ ਓਲੰਪਿਕ ਵਿੱਚ ਕੁਸ਼ਤੀ ਵਿੱਚ ਪਹਿਲਾ ਤਗ਼ਮਾ ਮਿਲਿਆ। ਅਮਨ ਨੇ ਕਾਂਸੀ ਦਾ ਤਗਮਾ ਆਪਣੇ ਮਰਹੂਮ ਮਾਪਿਆਂ ਨੂੰ ਸਮਰਪਿਤ ਕੀਤਾ ਹੈ।

ਅਮਨ ਸਹਿਰਾਵਤ ਆਪਣਾ ਸੈਮੀਫਾਈਨਲ ਮੈਚ ਹਾਰ ਗਿਆ। ਉਸ ਨੂੰ ਜਾਪਾਨੀ ਪਹਿਲਵਾਨ ਨੇ 10-0 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਕੁਆਰਟਰ ਫਾਈਨਲ ਵਿੱਚ 57 ਕਿਲੋ ਵਰਗ ਵਿੱਚ ਅਲਬਾਨੀਆਈ ਪਹਿਲਵਾਨ ਨੂੰ 12-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਉਸ ਨੇ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। 21 ਸਾਲਾ ਅਮਨ ਸਹਿਰਾਵਤ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਇਕਲੌਤਾ ਪੁਰਸ਼ ਪਹਿਲਵਾਨ ਹੈ।