ਪਾਨੀਪਤ : ਐਕਸੀਡੈਂਟ ਤੋਂ ਬਾਅਦ ਟੁੱਟੀ ਗਰਦਨ ਨਾਲ ਆਪ ਗੱਡੀ ਚਲਾ ਕੇ ਸਿਪਾਹੀ ਪਹੁੰਚਿਆ ਹਸਪਤਾਲ

0
514

ਪਾਨੀਪਤ | ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਵਿੱਚ ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਕਾਂਸਟੇਬਲ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਦੌਰਾਨ ਉਸ ਦੀ ਕਾਰ ਦਾ ਟਾਇਰ ਫਟ ਗਿਆ।

ਇਸ ਹਾਲਤ ਵਿੱਚ ਜ਼ਖਮੀ ਹੌਲਦਾਰ ਨੁਕਸਾਨੀ ਕਾਰ ਨੂੰ ਚਲਾ ਕੇ 20 ਕਿਲੋਮੀਟਰ ਦੂਰ ਸਿਵਲ ਹਸਪਤਾਲ ਪਹੁੰਚਿਆ। ਦਾਖਲ ਕਰਵਾਉਣ ਤੋਂ ਬਾਅਦ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਮਾਮਲੇ ਦੀ ਸ਼ਿਕਾਇਤ ਥਾਣਾ ਸਮਾਲਖਾ ਨੂੰ ਵੀ ਦਿੱਤੀ ਗਈ।

ਜ਼ਖਮੀ ਅਮਿਤ ਨੇ ਦੱਸਿਆ ਕਿ ਉਹ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾ ਰਿਹਾ ਹੈ। ਫਿਲਹਾਲ ਉਸ ਦੀ ਡਿਊਟੀ ਗੁਰੂਗ੍ਰਾਮ ‘ਚ ਹੈ। ਉਹ ਮੂਲ ਰੂਪ ਤੋਂ ਪਾਨੀਪਤ ਦੇ ਪਿੰਡ ਮਤਲੌਦਾ ਦਾ ਰਹਿਣ ਵਾਲਾ ਹੈ।

ਸ਼ਨੀਵਾਰ ਰਾਤ ਉਹ ਡਿਊਟੀ ਤੋਂ ਆਪਣੀ ਕਾਰ ‘ਚ ਮਤਲੌਦਾ ਘਰ ਜਾ ਰਿਹਾ ਸੀ। ਜਦੋਂ ਉਹ ਸਮਾਲਖਾ ਕੋਲ ਪਹੁੰਚਿਆ ਤਾਂ ਜੀ ਟੀ ਰੋਡ ਫਲਾਈਓਵਰ ‘ਤੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਵੱਡੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਟੱਕਰ ਲੱਗਦੇ ਹੀ ਉਸ ਦੀ ਕਾਰ ਦਾ ਟਾਇਰ ਫਟ ਗਿਆ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਆਰੋਪੀ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੌਰਾਨ ਅਮਿਤ ਨੂੰ ਧੱਕਾ ਲੱਗਾ ਤੇ ਉਸ ਦੀ ਗਰਦਨ ‘ਚ ਫ੍ਰੈਕਚਰ ਹੋ ਗਿਆ।

ਕਿਸੇ ਤਰ੍ਹਾਂ ਹਿੰਮਤ ਜੁਟਾ ਕੇ ਉਹ ਟਾਇਰ ਫਟਣ ਤੋਂ ਬਾਅਦ ਵੀ ਆਪਣੀ ਕਾਰ ਚਲਾ ਕੇ ਪਾਨੀਪਤ ਸਿਵਲ ਹਸਪਤਾਲ ਪਹੁੰਚਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ।