ਪਾਕਿਸਤਾਨ ਦੇ ਖਿਡਾਰੀ ਨੇ ਤੋੜਿਆ ਵਿਰਾਟ ਕੋਹਲੀ ਦਾ ਰਿਕਾਰਡ

0
10451

ਮੁੰਬਈ | ਪਾਕਿ ਦੇ ਬੈਟਸਮੈਨ ਬਾਬਰ ਆਜ਼ਮ ਦੇ ਨਾਂ ਇੱਕ ਹੋਰ ਰਿਕਾਰਡ ਦਰਜ ਹੋ ਗਿਆ ਹੈ। ਉਹ ਕੌਮਾਂਤਰੀ T-20 ਕ੍ਰਿਕੇਟ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ 2000 ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਂ ਦਰਜ ਸੀ।

ਕੋਹਲੀ ਨੇ T-20 ਇੰਟਰਨੈਸ਼ਨਲ ਦੀਆਂ 56 ਪਾਰੀਆਂ ਵਿੱਚ ਆਪਣੀਆਂ 2,000 ਦੌੜਾਂ ਪੂਰੀਆਂ ਕੀਤੀਆਂ ਸਨ। ਬਾਬਰ ਆਜ਼ਮ ਨੇ ਇਸ ਰਿਕਾਰਡ ਤੱਕ ਪੁੱਜਣ ਲਈ 52 ਪਾਰੀਆਂ ਦਾ ਹੀ ਸਮਾਂ ਲਿਆ। ਆਜ਼ਮ ਨੇ ਕੱਲ੍ਹ ਜ਼ਿੰਬਾਬਵੇ ਵਿਰੁੱਧ ਹੋਏ ਮੁਕਾਬਲੇ ’ਚ ਇਹ ਮੁਕਾਮ ਹਾਸਲ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਸ ਮੈਚ ਵਿੱਚ ਆਪਣੇ T-20 ਇੰਟਰਨੈਸ਼ਨਲ ਕਰੀਅਰ ਦਾ 18ਵਾਂ ਅਰਧ ਸੈਂਕੜਾ ਵੀ ਲਾਇਆ ਤੇ 46 ਗੇਂਦਾਂ ਉੱਤੇ 52 ਦੌੜਾਂ ਬਣਾ ਕੇ ਆਊਟ ਹੋਏ।

ਸਭ ਤੋਂ ਤੇਜ਼ 2,000 ਦੌੜਾਂ ਬਣਾਉਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਏਰੋਨ ਫ਼ਿੰਚ ਤੀਜੇ ਸਥਾਨ ’ਤੇ ਹਨ। ਉਨ੍ਹਾਂ T20 ਇੰਟਰਨੈਸ਼ਨਲ ਵਿੱਚ ਆਪਣੀਆਂ 2,000 ਦੌੜਾਂ 62 ਪਾਰੀਆਂ ਵਿੱਚ ਪੂਰੀਆਂ ਕੀਤੀਆਂ ਸਨ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਕੁਲਮ ਨੇ ਇਹ ਕਾਰਨਾਮਾ 66 ਪਾਰੀਆਂ ਵਿੱਚ ਪਾ ਕੀਤਾ ਸੀ।

ਉਂਝ T-20 ਇੰਟਰਨੈਸ਼ਨਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਵਿਰਾਟ ਕੋਹਲੀ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਦੇ ਨਾਂਅ 52.65 ਦੀ ਔਸਤ ਨਾਲ 3,165 ਦੌੜਾਂ ਦਰਜ ਹਨ; ਜਦ ਕਿ ਬਾਬਰ ਆਜ਼ਮ ਇਸ ਲਿਸਟ ਵਿੱਚ 11ਵੇਂ ਸਥਾਨ ’ਤੇ ਹਨ। ਉਨ੍ਹਾਂ ਹੁਣ ਤੱਕ T–20 ਇੰਟਰਨੈਸ਼ਨਲ ਵਿੱਚ 2,035 ਦੌੜਾਂ ਬਣਾਈਆਂ ਹਨ।