ਲਾਹੌਰ | ਪਾਕਿਸਤਾਨ ਦੇ ਫੈਡਰਲ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਮਹਿਲਾ ਅਧਿਆਪਕਾਂ ਨੂੰ ਜੀਨਸ ਅਤੇ ਤੰਗ ਕੱਪੜੇ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਪੁਰਸ਼ ਅਧਿਆਪਕਾਂ ਨੂੰ ਜੀਨਸ ਅਤੇ ਟੀ-ਸ਼ਰਟ ਪਾਉਣ ਤੋਂ ਰੋਕਣ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਸਿੱਖਿਆ ਨਿਰਦੇਸ਼ਕ ਨੇ ਸੋਮਵਾਰ ਨੂੰ ਸਕੂਲਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਇਕ ਪੱਤਰ ਭੇਜਿਆ, ਜਿਸ ਵਿੱਚ ਪ੍ਰਿੰਸੀਪਲਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਰ ਸਟਾਫ ਮੈਂਬਰ ਸਹੀ ਢੰਗ ਨਾਲ ਕੱਪੜੇ ਪਾਵੇ ਤਾਂ ਜੋ ਸਮਾਜ ਨੂੰ ਇਕ ਚੰਗਾ ਸੰਦੇਸ਼ ਦਿੱਤਾ ਜਾ ਸਕੇ। ਚਿੱਠੀ ਵਿੱਚ ਨਿਯਮਤ ਵਾਲ ਕਟਵਾਉਣ, ਦਾੜ੍ਹੀ/ਨਹੁੰ ਕੱਟਣ, ਸ਼ਾਵਰ ਅਤੇ ਪ੍ਰਫਿਊਮ ਦੀ ਵਰਤੋਂ ਵਰਗੇ ਚੰਗੇ ਉਪਾਵਾਂ ਬਾਰੇ ਵੀ ਕਿਹਾ ਗਿਆ ਹੈ।
ਪਾਕਿਸਤਾਨ ਦੇ ਸਿੱਖਿਆ ਵਿਭਾਗ ਨੇ ਦਿੱਤਾ ਸਪੱਸ਼ਟੀਕਰਨ
ਪਾਕਿਸਤਾਨ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਖੋਜ ਦੌਰਾਨ ਅਸੀਂ ਪਾਇਆ ਕਿ ਲੋਕਾਂ ਦੇ ਵਿਚਾਰਾਂ ‘ਤੇ ਪਹਿਰਾਵੇ ਦਾ ਪ੍ਰਭਾਵ ਸਮਝ ਤੋਂ ਜ਼ਿਆਦਾ ਹੁੰਦਾ ਹੈ। ਪਹਿਲਾ ਪ੍ਰਭਾਵ ਵਿਦਿਆਰਥੀਆਂ ਦੀ ਸ਼ਖਸੀਅਤ ‘ਤੇ ਪੈਂਦਾ ਹੈ। ਅਸੀਂ ਫੈਸਲਾ ਕੀਤਾ ਹੈ ਕਿ ਔਰਤ ਅਧਿਆਪਕਾਂ ਹੁਣ ਤੋਂ ਜੀਨਸ ਜਾਂ ਟਾਈਟ ਕੱਪੜੇ ਨਹੀਂ ਪਹਿਨ ਸਕਣਗੀਆਂ।
ਮਰਦ ਅਧਿਆਪਕਾਂ ‘ਤੇ ਵੀ ਤੁਰੰਤ ਪ੍ਰਭਾਵ ਨਾਲ ਜੀਨਸ ਅਤੇ ਟੀ-ਸ਼ਰਟ ਪਾਉਣ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੂੰ ਕਲਾਸ ਰੂਮਾਂ ਅਤੇ ਲੈਬਜ਼ ਵਿੱਚ ਟੀਚਿੰਗ ਗਾਊਨ ਜਾਂ ਕੋਟ ਪਹਿਨਣ ਦੀ ਜ਼ਰੂਰਤ ਹੋਏਗੀ।
ਵਿਰੋਧ ਸ਼ੁਰੂ
ਸਿੱਖਿਆ ਵਿਭਾਗ ਦੇ ਇਸ ਆਦੇਸ਼ ਦੇ ਵਿਰੁੱਧ ਪਾਕਿਸਤਾਨ ਦੇ ਨਿਊਜ਼ ਚੈਨਲਾਂ ਵੱਲੋਂ ਵਿਰੋਧ ਦੀ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਦੇਸ਼ ਵਿੱਚ ਪ੍ਰਧਾਨ ਮੰਤਰੀ ਔਰਤਾਂ ਦੇ ਕੱਪੜਿਆਂ ਨੂੰ ਜਿਨਸੀ ਸ਼ੋਸ਼ਣ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ, ਅਜਿਹੇ ਫ਼ਰਮਾਨ ਜਾਰੀ ਕੀਤੇ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ 3 ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਅਤੇ ਕਤਲ ਲਈ ਕਿਹੜੇ ਨਿਯਮ ਲਾਗੂ ਹੁੰਦੇ ਹਨ।