ਜਲੰਧਰ, 17 ਜਨਵਰੀ | ਹਾਈਵੇ ‘ਤੇ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਲਾਸ਼ ਦੇ ਕਈ ਟੁਕੜੇ ਹੋ ਗਏ ਹਨ, ਜਿਸ ਕਾਰਨ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਹਾਦਸਾ ਜਲੰਧਰ ਪਠਾਨਕੋਟ ਹਾਈਵੇ ‘ਤੇ ਸਥਿਤ ਸਮਸਤਪੁਰ ਨੇੜੇ ਵਾਪਰਿਆ। ਥਾਣਾ ਮਕਸੂਦਾਂ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਦਿਹਾਤ ਦੇ ਥਾਣਾ ਮਕਸੂਦਾਂ ‘ਚ ਤਾਇਨਾਤ ਏ.ਐੱਸ.ਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਇਸ ਘਟਨਾ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮ ਜਾਂਚ ਲਈ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਮ੍ਰਿਤਕ ਦੀ ਕਿਸ ਕਾਰ ਨਾਲ ਟੱਕਰ ਹੋਈ, ਫਿਲਹਾਲ ਜਾਂਚ ਦਾ ਵਿਸ਼ਾ ਹੈ।
ਏਐਸਆਈ ਰਜਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਸੜਕ ਕਿਨਾਰੇ ਜਾ ਰਿਹਾ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵਿਅਕਤੀ ਦੇ ਸਰੀਰ ਦੇ ਟੁੱਕੜੇ-ਟੁੱਕੜੇ ਹੋ ਗਏ, ਜਿਸ ਤੋਂ ਬਾਅਦ ਕਈ ਵਾਹਨ ਉਸ ਦੀ ਲਾਸ਼ ਦੇ ਉਪਰੋਂ ਲੰਘ ਗਏ।
ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰਨ ਲਈ ਉਸ ਦੀ ਫੋਟੋ ਆਲੇ-ਦੁਆਲੇ ਦੇ ਇਲਾਕੇ ‘ਚ ਭੇਜ ਦਿੱਤੀ ਹੈ। ਮ੍ਰਿਤਕ ਦਾ ਚਿਹਰਾ ਪੂਰੀ ਤਰ੍ਹਾਂ ਖਰਾਬ ਹੋ ਗਿਆ ਸੀ ਪਰ ਉਸ ਦੇ ਕੱਪੜਿਆਂ ਰਾਹੀਂ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਸ਼ ਦੇ ਅੰਗਾਂ ਨੂੰ ਇਕੱਠਾ ਕਰ ਕੇ ਸ਼ਨਾਖਤ ਲਈ 72 ਘੰਟਿਆਂ ਲਈ ਸਿਵਲ ਹਸਪਤਾਲ ਵਿਚ ਰੱਖਿਆ ਗਿਆ ਹੈ। ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।