ਕੋਰੋਨਾ ਦੀ ਤੀਜੀ ਲਹਿਰ ਦੇ ਟਾਕਰੇ ਲਈ ਜਲੰਧਰ ਦੇ 7 ਹਸਪਤਾਲਾਂ ‘ਚ ਆਕਸੀਜਨ ਪਲਾਂਟ ਲਗਾਏ, ਸਿਵਲ ਹਸਪਤਾਲ ‘ਚ ਜਲਦੀ ਲਗਾਵਾਂਗੇ ਦੂਜਾ ਪਲਾਂਟ – ਡੀਸੀ

0
2418

ਜਲੰਧਰ | ਆਕਸੀਜਨ ਉਤਪਾਦਨ ਵਿੱਚ ਜਲੰਧਰ ਨੂੰ ਸਵੈ-ਨਿਰਭਰ ਜ਼ਿਲ੍ਹਾ ਬਣਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਮੱਦੇਨਜ਼ਰ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਬੁੱਧਵਾਰ ਨੂੰ ਉੱਚ ਆਕਸੀਜ਼ਨ ਖਪਤ ਵਾਲੇ ਹਸਪਤਾਲਾਂ ਨੂੰ ਜਲਦੀ ਹੀ ਆਪਣੇ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਕਿਹਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨ.ਐਚ.ਐਸ., ਨਿਊ ਰੂਬੀ, ਸ਼੍ਰੀਮਨ ਸੁਪਰ ਸਪੈਸ਼ਲਿਟੀ, ਟੈਗੋਰ, ਪਟੇਲ, ਪਿਮਸ ਅਤੇ ਕੈਪੀਟੋਲ ਹਸਪਤਾਲਾਂ ਸਮੇਤ ਸੱਤ ਹਸਪਤਾਲਾਂ ਵੱਲੋਂ ਪਹਿਲਾਂ ਹੀ ਆਪਣੇ ਹਸਪਤਾਲਾਂ ‘ਚ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ। ਬਾਕੀ ਹਸਪਤਾਲਾਂ ਨੂੰ ਵੀ ਇਸੇ ਰਾਹ ‘ਤੇ ਚੱਲਣਾ ਚਾਹੀਦਾ ਹੈ, ਜਿਸ ਨਾਲ ਇਹ ਸਿਹਤ ਸੰਭਾਲ ਸੰਸਥਾਵਾਂ ਸੰਭਾਵਤ ਜੇਕਰ ਤੀਜੀ ਲਹਿਰ ਆਉਂਦੀ ਹੈ ਤਾਂ ਉਸ ਦੌਰਾਨ ਆਕਸੀਜਨ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਸਮਰੱਥ ਹੋਣਗੀਆਂ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰਬੀ ਰਾਜਾਂ ਤੋਂ ਆਕਸੀਜਨ ਦੀ ਢੋਆ-ਢੁਆਈ ਦੀ ਲਾਗਤ ਅਕਸਰ ਲਾਗਤ ਦਾ 200 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਇਸ ਤਰ੍ਹਾਂ ਅਜਿਹੇ ਪਲਾਂਟ ਸਥਾਪਤ ਕਰਨ ਨਾਲ ਹਸਪਤਾਲ ਨਾ ਸਿਰਫ਼ ਆਕਸੀਜਨ-ਸੁਤੰਤਰ ਹੋ ਜਾਣਗੇ ਸਗੋਂ ਭਵਿੱਖ ਵਿੱਚ ਜੇਕਰ ਕੋਈ ਸੰਕਟ ਆਉਂਦਾ ਹੈ ਤਾਂ ਆਪਣੇ ਮਰੀਜ਼ਾਂ ਦੀ ਬਿਨਾਂ ਕਿਸੇ ਰੁਕਾਵਟ ਤੋਂ ਗੁਣਵੱਤਾ ਭਰਪੂਰ ਦੇਖਭਾਲ ਵੀ ਕਰ ਸਕਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਹਸਪਤਾਲਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਮਰੀਜ਼ਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਦੇ ਸਮਰੱਥ ਹੋਣ ਲਈ ਪਲਾਂਟ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਇਸ ਸਬੰਧੀ ਇਨੋਸੈਂਟ ਹਾਰਟਜ਼ ਹਸਪਤਾਲ, ਸਰਵੋਦਿਆ, ਜੌਹਲ, ਨਿਊਰੋਨੋਵਾ, ਮਾਨ ਮੈਡੀਸਿਟੀ, ਓਕਸਫੋਰਡ, ਮਿਲਟਰੀ ਹਸਪਤਾਲ ਕੇਅਰਮੈਕਸ ਅਤੇ ਘਈ ਹਸਪਤਾਲ ਦੀ ਮੈਨੇਜਮੈਂਟ ਨੂੰ ਅਪੀਲ ਕੀਤੀ।

ਥੋਰੀ ਨੇ ਦੱਸਿਆ ਕਿ ਜਲੰਧਰ ਸਿਵਲ ਹਸਪਤਾਲ ਵਿਖੇ ਦੂਜਾ ਆਕਸੀਜਨ ਉਤਪਾਦਨ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਨਾਲ ਇਸ ਦੀ ਮੈਡੀਕਲ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਹੋਰ ਵਧ ਜਾਵੇਗੀ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।