ਹੁਸ਼ਿਆਰਪੁਰ, 2 ਫਰਵਰੀ | ਇਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਬਿਸਤ ਦੁਆਬ ਨਹਿਰ ਤੇ ਪਿੰਡ ਐਮਾ ਜੱਟਾਂ ਕੋਲ ਬੀਤੀ ਦੇਰ ਰਾਤ ਗੱਡੀ ਨਹਿਰ ’ਚ ਡਿੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਜਦੋਂ ਰਾਹਗੀਰਾਂ ਵਲੋਂ ਗੱਡੀ ਨਹਿਰ ’ਚ ਡਿੱਗੀ ਹੋਈ ਦਿਖਾਈ ਦਿੱਤੀ ਤਾਂ ਉਨ੍ਹਾਂ ਪੁਲਿਸ ਚੌਂਕੀ ਕੋਟਫਤੂਹੀ ਨੂੰ ਸੂਚਿਤ ਕੀਤਾ ਗਿਆ। ਪੜਤਾਲ ਕਰਨ ਉਪਰੰਤ ਮ੍ਰਿਤਕ ਦੀ ਪਹਿਚਾਣ ਜਤਿੰਦਰ ਸਿੰਘ ਉਰਫ਼ ਮੌਜੀ ਉਮਰ 28 ਸਾਲ ਪੁੱਤਰ ਗੁਰਦੀਪ ਸਿੰਘ ਪਿੰਡ ਪਦਰਾਣਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰ ਸਿੰਘ ਕਿਸੇ ਪ੍ਰੋਗਰਾਮ ਤੋਂ ਕੋਟਫਤੂਹੀ ਵਾਲੀ ਸਾਈਡ ਤੋਂ ਪਿੰਡ ਪਦਰਾਣਾ ਵੱਲ ਨੂੰ ਜਾ ਰਿਹਾ ਸੀ, ਤਾਂ ਜਦੋਂ ਇਹ ਐਮਾ ਜੱਟਾਂ ਕੋਲ਼ ਪੁੱਜਾ ਤਾਂ ਧੁੰਦ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹਿਰ ’ਚ ਡਿੱਗਣ ਉਪਰੰਤ ਪਲਟੀਆਂ ਖਾਂਦੀ ਹੋਈ ਕਾਫ਼ੀ ਦੂਰ ਤੱਕ ਪਹੁੰਚ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ਦੇ ਪਿੰਡ ’ਚ ਸੋਕ ਦੀ ਲਹਿਰ ਪਾਈ ਜਾ ਰਹੀ ਹੈ।
ਇਸ ਸਬੰਧ ’ਚ ਸੁਖਵਿੰਦਰ ਸਿੰਘ ਏਐਸਆਈ ਚੌਂਕੀ ਇੰਚਾਰਜ ਕੋਟਫਤੂਹੀ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਨਹਿਰ ’ਚੋਂ ਕੱਢਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਰੱਖਿਆ ਜਾ ਰਿਹਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।