ਸੁਤੰਤਰਤਾ ਦਿਵਸ ਮੌਕੇ ਨੌਜਵਾਨਾਂ ਨੂੰ ਖੂਨਦਾਨ, ਐੱਚਆਈਵੀ ਤੇ ਟੀਬੀ ਬਾਰੇ ਕੀਤਾ ਜਾਵੇਗਾ ਜਾਗਰੂਕ

0
536

ਚੰਡੀਗੜ੍ਹ | ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਅਗਲੇ ਸਾਲ ਭਾਰਤ ਦੀ ਸੁਤੰਰਤਤਾ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਨਿਉ ਇੰਡੀਆ @ 75 ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਨੌਜਵਾਨਾਂ ਨੂੰ ਖੂਨਦਾਨ, ਐਚਆਈਵੀ ਤੇ ਟੀਬੀ ਵਿਸ਼ਿਆਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਸੰਬੰਧੀ ਪੰਜਾਬ ਭਰ ਦੇ ਰੈਡ ਰਿਬਨ ਕਲੱਬਾਂ ਦੇ ਜਿਲ੍ਹਾ ਨੋਡਲ ਅਫ਼ਸਰ ਕਮ ਅਸਿਸਟੈਂਟ ਡਾਇਰੈਕਟਰ ਯੁਵਕ ਮਾਮਲੇ ਵਿਭਾਗ ਦੀ ਮੀਟਿੰਗ ਕਰਵਾਈ ਗਈ। ਇਸ ਦੀ ਪ੍ਰਧਾਨਗੀ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੌਬੀ ਗੁਲਾਟੀ ਨੇ ਕੀਤੀ। ਇਸ ਦੌਰਾਨ ਸਟੇਟ ਟੀਬੀ ਸੈੱਲ ਦੇ ਕੋਮੋਰਬੀਡਿਟੀ ਅਫ਼ਸਰ ਡਾ. ਕਿਰਨ ਛਾਬੜਾ, ਯੁਵਕ ਮਾਮਲੇ ਵਿਭਾਗ ਤੋਂ ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ, ਸਟੇਟ ਬਲੱਡ ਸੈੱਲ ਤੋਂ ਅਸਿਸਟੈਂਟ ਡਾਇਰੈਕਟਰ ਸੁਰਿੰਦਰ ਸਿੰਘ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੋਂ ਅਸਿਸਟੈਂਟ ਡਾਇਰੈਕਟਰ (ਯੁਵਕ ਮਾਮਲੇ) ਯਾਦਵਿੰਦਰ ਸਿੰਘ ਵਿਰਕ ਤੇ ਹੋਰ ਅਧਿਕਾਰੀ ਮੌਜੂਦ ਸਨ।

ਇਸ ਦੌਰਾਨ ਅਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਬੋਬੀ ਗੁਲਾਟੀ ਨੇ ਦੱਸਿਆ ਕਿ ਨੈਸ਼ਨਲ ਏਡਜ਼ ਕੰਟਰੋਲ ਆਰਗੇਨਾਈਜੇਸ਼ਨ ਤੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੁਤੰਤਰਤਾ ਦਿਵਸ ਦੇ ਮੌਕੇ ਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੀ ਸ਼ੁਰੂਆਤ 12 ਅਗਸਤ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਤੇ ਕੀਤੀ ਜਾਵੇਗੀ। ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਸਵੈ-ਇਛਕ ਖੂਨਦਾਨ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਐਚਆਈਵੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸੇ ਤਰ੍ਹਾਂ ਟੀਬੀ ਤੇ ਐਚਆਈਵੀ ਦਾ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਯੁਵਾ ਪੀੜ੍ਹੀ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਇਸ ਦੌਰਾਨ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ ਅਤੇ ਪੰਜਾਬ ਦੇ 600 ਕਾਲਜਾਂ ਵਿੱਚ ਰੈਡ ਰਿਬਨ ਕਲੱਬ ਚਲਾਏ ਜਾ ਰਹੇ ਹਨ। ਇਨ੍ਹਾਂ ਸਾਰੇ ਕਾਲਜਾਂ ਵਿੱਚ ਅੰਤਰਰਾਸ਼ਟਰੀ ਯੁਵਾ ਦਿਵਸ ਤੇ ਅਜਾਦੀ ਦਿਵਸ ਦੇ ਸੰਬੰਧ ਵਿੱਚ ਖੂਨਦਾਨ ਕੈਂਪ ਲਗਾਏ ਜਾਣਗੇ ਅਤੇ ਐਚਆਈਵੀ ਤੇ ਟੀਬੀ ਜਾਗਰੂਕਤਾ ਸੰਬੰਧੀ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ।