ਗੁਰਪੁਰਬ ਮੌਕੇ ਪੰਜਾਬ ਸਰਕਾਰ ਸ਼ੁਰੂ ਕਰੇਗੀ ਮੁਫਤ ਆਟੇ ਦੀ ਹੋਮ ਡਲਿਵਰੀ; 1.42 ਕਰੋੜ ਲੋਕਾਂ ਨੂੰ ਹੋਵੇਗਾ ਫਾਇਦਾ

0
889

ਚੰਡੀਗੜ੍ਹ, 17 ਨਵੰਬਰ | ਪੰਜਾਬ ਸਰਕਾਰ ਨੇ 27 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੂਬੇ ਵਿਚ ਗਰੀਬਾਂ ਨੂੰ ਕਣਕ ਤੇ ਆਟੇ ਦੀ ਹੋਮ ਡਲਿਵਰੀ ਦੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਖਾਧ ਤੇ ਨਾਗਰਿਕ ਸਪਲਾਈ ਵਿਭਾਗ ਵੱਲੋਂ ਤਿਆਰ ਕੀਤੀ ਯੋਜਨਾ ਦੀ ਰੂਪ-ਰੇਖਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਹਰੀ ਝੰਡੀ ਦਿੱਤੀ ਹੈ। ਹਾਲਾਂਕਿ ਯੋਜਨਾ ਤਹਿਤ ਹੋਮ ਡਲਿਵਰੀ ਅਗਲੇ ਸਾਲ ਜਨਵਰੀ ਤੋਂ ਹੀ ਸ਼ੁਰੂ ਹੋ ਸਕੇਗੀ ਪਰ ਇਸ ਯੋਜਨਾ ਦਾ ਰਸਮੀ ਐਲਾਨ ਇਸੇ ਮਹੀਨੇ ਹੋ ਜਾਵੇਗਾ।

ਯੋਜਨਾ ਨਾਲ ਸੂਬੇ ਵਿਚ ਲਗਭਗ 1.42 ਕਰੋੜ ਲਾਭਪਾਤਰੀਆਂ ਨੂੰ ਘਰ ਬੈਠੇ ਆਟਾ ਮਿਲ ਸਕੇਗਾ। ਸਰਕਾਰ ਯੋਜਨਾ ਤਹਿਤ ਹਰ ਮਹrਨੇ 72 ਹਜ਼ਾਰ 500 ਮੀਟ੍ਰਿਕ ਟਨ ਰਾਸ਼ਨ ਵੰਡੇਗੀ। ਯੋਜਨਾ ਤਹਿਤ ਰਾਸ਼ਟਰੀ ਖਾਧ ਐਕਟ ਅਧੀਨ ਅਕਤੂਬਰ ਤੋਂ ਦਸੰਬਰ ਤੱਕ ਦੀ ਮਿਆਦ ਲਈ ਕਣਕ ਵੰਡੀ ਜਾ ਚੁੱਕੀ ਹੈ। ਅਗਲੇ ਸਾਲ ਜਨਵਰੀ ਵਿਚ ਲਾਭਪਾਤਰੀਆਂ ਨੂੰ ਹੋਮ ਡਲਿਵਰੀ ਮਿਲੇਗੀ। ਸਰਕਾਰ ਨੇ ਕਣਕ ਦੀ ਪਿਸਾਈ ਲਈ ਤਿੰਨ ਦਰਜਨ ਆਟਾ ਮਿੱਲਾਂ ਦੀ ਵੀ ਪਛਾਣ ਕਰ ਲਈ ਹੈ।

ਆਟਾ ਮਿੱਲਾਂ ਵਾਲੇ ਗੋਦਾਮਾਂ ਤੋਂ ਕਣਕ ਚੁੱਕਣਗੇ ਤੇ ਪਿਸਾਈ ਦੇ ਬਾਅਦ ਰਾਸ਼ਨ ਡਿਪੂ ਨੂੰ ਆਟੇ ਦੀ ਡਲਿਵਰੀ ਦੇਣਗੇ। ਆਟਾ ਮਿੱਲਾਂ 5 ਤੋਂ 10 ਕਿਲੋ ਦੀ ਪੈਕਿੰਗ ਵਿਚ ਆਟਾ ਪੈਕ ਕਰੇਗੀ। ਲਗਭਗ 3500 ਰਾਸ਼ਨ ਡਿਪੂ ਜ਼ਰੀਏ ਯੋਜਨਾ ਦਾ ਸ਼ੁੱਭ ਆਰੰਭ ਹੋਵੇਗਾ। ਚਾਰ ਕੰਪਨੀਆਂ ਨੂੰ ਟੈਂਡਰ ਜ਼ਰੀਏ ਘਰ-ਘਰ ਆਟਾ ਪਹੁੰਚਾਉਣ ਦਾ ਕੰਮ ਅਲਾਟ ਕਰ ਦਿੱਤਾ ਹੈ। ਪਹਿਲਾਂ ਇਸ ਯੋਜਨਾ ਤਹਿਤ ਹਰੇਕ ਤਿੰਨ ਮਹੀਨੇ ‘ਤੇ ਹੋਮ ਡਲਿਵਰੀ ਦਾ ਫੈਸਲਾ ਲਿਆ ਗਿਆ ਸੀ ਪਰ ਹੁਣ ਹਰ ਮਹੀਨੇ ਹੋਮ ਡਲਿਵਰੀ ਕੀਤੀ ਜਾਵੇਗੀ। ਪੂਰੀ ਯੋਜਨਾ ‘ਤੇ ਲਗਭਗ 670 ਕਰੋੜ ਰੁਪਏ ਖਰਚ ਹੋਣਗੇ।