ਚੰਡੀਗੜ੍ਹ| ਪੰਜਾਬੀ ਸਿੰਗਰ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਬੰਬੀਹਾ ਗੈਂਗ ਦੇ 4 ਮੈਂਬਰਾਂ ਨੂੰ ਪੁਲਿਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
MP ਬਿੱਟੂ ਨੇ ਕਿਹਾ ਕਿ ਟਾਰਗੇਟ ‘ਤੇ ਸਿੰਗਰ ਸਨ ਜਾਂ ਨਹੀਂ ਇਹ ਤਾਂ ਜਾਂਚ ਮਗਰੋਂ ਹੀ ਸਾਫ ਹੋ ਸਕੇਗਾ। ਇਹ ਸਿੰਗਰ ਵੀ ਘੱਟ ਨਹੀਂ, ਇਹ ਵੀ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਫੋਨ ਕਰਾਉਂਦੇ ਹਨ। ਇਨ੍ਹਾਂ ਨੂੰ ਵੀ ਬਾਜ ਆਉਣਾ ਚਾਹੀਦਾ ਹੈ। ਬਹੁਤ ਸਿੰਗਰਾਂ ਦਾ ਮੈਨੂੰ ਪਤਾ ਏ।
ਉਨ੍ਹਾਂ ਅੱਗੇ ਕਿਹਾ ਕਿ ਪਹਿਲਾਂ ਕਿੰਨਾ ਵੱਡਾ ਨੁਕਸਾਨ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਹੋਇਆ ਹੈ। ਗੈਂਗਸਟਰ ਕਿਉਂ ਸਿੰਗਰਾਂ ਦੇ ਪਿੱਛੇ ਪਏ ਨੇ ਸਿੰਗਰ ਆਖਿਰ ਅਜਿਹਾ ਕੰਮ ਕਰਦੇ ਹੀ ਕਿਉਂ ਹਨ। ਸਿੰਗਰਾਂ ਨੇ ਹੀ ਇਸ ਦਾ ਬੀਜ ਬੋਇਆ ਹੈ। ਗਾਣਿਆਂ ਵਿੱਚ ਹਥਿਆਰ ਵਿਖਾ ਕੇ ਸ਼ਾਨ ਬਣਾਉਂਦੇ ਹਨ ਪਰ ਗੈਂਗਸਟਰਾਂ ਨੂੰ ਹਥਿਆਰ ਫੜਣਾ ਵੀ ਤੁਸੀਂ ਹੀ ਸਿਖਾਇਆ ਹੈ। ਪੰਜਾਬ ਦੇ ਨੌਜਵਾਨਾਂ ਨੂੰ ਖਰਾਬ ਕਰਨ ‘ਚ ਸਭ ਤੋਂ ਅਹਿਮ ਰੋਲ ਤੁਹਾਡਾ ਹੈ। ਹੁਣ ਕਿਉਂ ਪਰਿਵਾਰਾਂ ਨਾਲ ਲੁਕਦੇ ਫਿਰ ਰਹੇ ਨੇ।
ਦੱਸ ਦੇਈਏ ਕਿ ਪਿਛਲੇ ਸਾਲ 29 ਮਈ ਨੂੰ ਕਤਲ ਕਰ ਦਿੱਤੇ ਗਏ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਦਵਿੰਦਰ ਬੰਬੀਹਾ ਗੈਂਗ ਬੱਬੂ ਮਾਨ ਅਤੇ ਮਨਕੀਰਤ ਔਲਖ਼ ਨੂੰ ਨਿਸ਼ਾਨਾ ਬਣਾ ਸਕਦਾ ਹੈ। ਇਹ ਖ਼ੁਲਾਸਾ ਚੰਡੀਗੜ੍ਹ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਦਵਿੰਦਰ ਬੰਬੀਹਾ ਗੈਂਗ ਦੇ ਕਾਬੂ ਕੀਤੇ ਗਏ 4 ਮੈਂਬਰਾਂ ਦੇ ਹਵਾਲੇ ਨਾਲ ਕੀਤਾ ਗਿਆ ਹੈ।
ਚੰਡੀਗੜ੍ਹ ਪੁਲਿਸ ਵੱਲੋਂ ਕਾਬੂ ਕੀਤੇ 4 ਗੈਂਗ ਮੈਂਬਰ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਉਸਦੇ ਇਕ ਹੋਰ ਸਾਥੀ ਨਾਲ ਸੰਪਰਕ ਵਿੱਚ ਦੱਸੇ ਗਏ ਹਨ। ਇਨ੍ਹਾਂ ਨੇ ਇਹ ਗੱਲ ਮੰਨੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਉਨ੍ਹਾਂ ਨੂੰ ਨੂੰ ਜੰਮੂ ਕਸ਼ਮੀਰ ਤੋਂ ਹਥਿਆਰ ਲਿਆਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।