ਚੰਡੀਗੜ੍ਹ | ਕਿਸਾਨ ਯੂਨੀਅਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਉਹ ਹੁਣ ਗੱਲਬਾਤ ਲਈ ਦਿੱਲੀ ਨਹੀਂ ਜਾਣਗੇ। ਅੱਜ ਇੱਥੇ ਕਿਸਾਨਾਂ ਦੀਆਂ 31 ਜਥੇਬੰਦੀਆਂ ਦੀ ਮੀਟਿੰਗ ਹੋਈ ਜਿਸ ਦੌਰਾਨ ਕਿਸਾਨ ਯੂਨੀਅਨਾਂ ਨੇ ਫੈਸਲਾ ਲਿਆ ਕਿ ਕਿਸਾਨ ਅੰਦੋਲਨ ਹੋਰ ਤੇਜ਼ ਕੀਤਾ ਜਾਏਗਾ।
ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ‘ਚ ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ ਸੀ ਤੇ ਕਿਸਾਨ ਕੇਂਦਰ ਦੇ ਵਤੀਰੇ ਤੋਂ ਵੀ ਨਾ ਖੁਸ਼ ਹਨ।
ਕਿਸਾਨਾਂ ਨੇ ਇਸ ਮੀਟਿੰਗ ਦੌਰਾਨ ਵੱਡੇ ਐਲਾਨ ਕੀਤੇ ਹਨ।ਕਿਸਾਨ ਜੱਥੇਬੰਦੀਆਂ ਦਾ ਕਿਹਾ ਹੈ ਕਿ BJP ਦੇ ਕੇਂਦਰੀ ਮੰਤਰੀ ਜਿੱਥੇ ਵੀ ਖੇਤੀ ਕਾਨੂੰਨਾਂ ਨੂੰ ਲੈ ਕੇ ਵਰਚੁਅਲ ਰੈਲੀ ਵੀ ਕਰਨਗੇ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ।ਇਸ ਦੇ ਨਾਲ ਹੀ BJP ਨੇਤਾਵਾਂ ਦੇ ਘਰ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨੇ ਲਾਏ ਜਾਣਗੇ। ਪੰਜਾਬ ‘ਚ ਆਉਣ ਵਾਲੇ BJP ਦੇ ਹਰ ਵੱਡੇ ਨੇਤਾ ਦਾ ਪ੍ਰੋਗਰਾਮ ਦੌਰਾਨ ਵਿਰੋਧ ਵੀ ਕੀਤਾ ਜਾਵੇਗਾ।
ਕਿਸਾਨਾਂ ਯੂਨੀਅਨਾਂ ਨੇ ਕਿਹਾ, ਕੇਂਦਰ ਸਰਕਾਰ ਨੇ ਦਿੱਲੀ ਬੁੱਲਾ ਕੇ ਕਿਸਾਨ ਵਫ਼ਦ ਦਾ ਅਪਮਾਨ ਕੀਤਾ ਹੈ।ਕਿਸਾਨਾਂ ਨੇ ਐਲਾਨ ਕੀਤਾ ਹੈ ਕਿ 17 ਅਕਤੂਬਰ ਨੂੰ ਪੂਰੇ ਪੰਜਾਬ ‘ਚ ਮਾਰਚ ਕੱਢੇ ਜਾਣਗੇ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਵੀ ਫੂਕੇ ਜਾਣਗੇ। ਕਿਸਾਨਾਂ ਨੇ ਮੀਟਿੰਗ ‘ਚ ਇੱਕ ਅਹਿਮ ਫੈਸਲਾ ਵੀ ਕੀਤਾ ਹੈ ਕਿ ਉਹ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਦਿੱਲੀ ਨਹੀਂ ਜਾਣਗੇ।ਹਾਲਾਂਕਿ, ਆਪਣੀ ਪਲੈਨਿੰਗ ਦੇ ਹਿਸਾਬ ਨਾਲ ਉਹ ਵਿਰੋਧ ਲਈ ਦਿੱਲੀ ਜਾ ਸਕਦੇ ਹਨ।
ਕਿਸਾਨਾਂ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੇ ਸੰਘਰਸ਼ ਅੱਗੇ ਆਏਗਾ ਉਹ ਉਸਦਾ ਜ਼ੋਰਦਾਰ ਵਿਰੋਧ ਕਰਨਗੇ ਫਿਰ ਚਾਹੇ ਉਹ ਪ੍ਰਧਾਨ ਮੰਤਰੀ ਹੋਣ ਜਾਂ ਫਿਰ ਕੋਈ ਰਾਜਪਾਲ!ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ, ਕਿਸਾਨ ਅੰਦੋਲਨ ਨੂੰ ਪਟੜੀ ਤੋਂ ਉਤਾਰਨ ਲਈ ਸਿਆਸੀ ਸਾਜ਼ਿਸ਼ਾਂ ਹੋ ਰਹੀਆਂ ਹਨ। ਪਰ ਉਹ ਪੂਰੀ ਤਰ੍ਹਾਂ ਸੁਚੇਤ ਹਨ। ਹੁਣ ਉਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਾਉਣਗੇ ਅਤੇ ਫਿਰ ਦਿੱਲੀ ਨੂੰ ਘੇਰਨ ਦੀ ਯੋਜਨਾ ਬਣਾਉਣਗੇ।
ਕਿਸਾਨ ਅੰਦੋਲਨ ਨੇ ਬਹੁਤ ਸਾਰੇ ਸਮੀਕਰਣਾਂ ਨੂੰ ਬਦਲਿਆ ਹੈ। ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਕਾਰਨ ਐਨਡੀਏ ਦਾ ਸਾਥ ਛੱਡ ਦਿੱਤਾ ਅਤੇ ਇਸ ਕਾਰਨ ਹਰਸਿਮਰਤ ਬਾਦਲ ਨੇ ਅਸਤੀਫ਼ਾ ਵੀ ਦੇ ਦਿੱਤਾ ਸੀ। ਅੰਦੋਲਨ ਨੇ ਰਾਜਨੀਤਿਕ ਸਿਸਟਮ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।
ਕਿਸਾਨਾਂ ਦੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਅਸੈਂਬਲੀ ਵਿੱਚ ਕਿਸਾਨਾਂ ਦੇ ਹਿੱਤ ਵਿੱਚ ਇੱਕ ਮਤਾ ਪਾਸ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਲਹਿਰ ਦੇਸ਼ ਦੀ ਲਹਿਰ ਬਣ ਜਾਵੇਗੀ।ਨਵੰਬਰ ਦੇ ਆਖਰੀ ਹਫ਼ਤੇ ਵਿੱਚ ਦਿੱਲੀ ਨੂੰ ਘੇਰਿਆ ਜਾ ਸਕਦਾ ਹੈ। ਕਿਸਾਨਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਤੋਂ ਬਾਹਰ ਰਹਿ ਕੇ ਉਨ੍ਹਾਂ ਦਾ ਸਮਰਥਨ ਕਰਨ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿਥੇ ਵੀ ਬੀਜੇਪੀ ਦੇ ਮੰਤਰੀ ਆਉਣਗੇ, ਅਸੀਂ ਉਹ ਉਨ੍ਹਾਂ ਦਾ ਵਿਰੋਧ ਕਰਾਂਗੇ। ਕਿਸਾਨਾਂ ਨੇ ਅਗਲੀ ਮੀਟਿੰਗ 20 ਅਕਤੂਬਰ ਨੂੰ ਕਰਨ ਦਾ ਫੈਸਲਾ ਕੀਤਾ ਹੈ ਜਿਸ ‘ਚ ਅਗਲੇ ਫੈਸਲੇ ਲਏ ਜਾਣਗੇ। 29 ਕਿਸਾਨ ਯੂਨੀਅਨਾਂ ਨੇ ਕਿਹਾ ਕਿ “ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਸਾਡਾ ਹਿੱਸਾ ਨਹੀਂ ਹੈ।
ਪੰਜਾਬ ਹੀ ਹਰ ਜ਼ਰੂਰੀ ਖਬਰ ਹੁਣ ਆਪਣੇ ਮੋਬਾਇਲ ‘ਤੇ ਮੰਗਵਾਉਣ ਲਈ ਕਲਿੱਕ ਕਰੋ