ਹੁਣ ਬੈਂਕਾਕ ਤੇ ਅੰਮ੍ਰਿਤਸਰ ਵਿਚਾਲੇ ਹੋਵੇਗਾ ਸਿੱਧਾ ਸੰਪਰਕ, 28 ਅਕਤੂਬਰ ਤੋਂ ਸ਼ੁਰੂ ਕਰੇਗੀ ਥਾਈ ਲਾਈਨ ਏਅਰ ਸਿੱਧੀਆਂ ਉਡਾਣਾਂ

0
492

ਅੰਮ੍ਰਿਤਸਰ | ਹੋਰਨਾਂ ਦੇਸ਼ਾਂ ਵਾਂਗ ਜਲਦੀ ਹੀ ਅੰਮ੍ਰਿਤਸਰ ਤੇ ਥਾਈਲੈਂਡ ਵਿਚਕਾਰ ਸਿੱਧਾ ਸੰਪਰਕ ਸਥਾਪਿਤ ਕੀਤਾ ਜਾਵੇਗਾ। ਹੁਣ ਥਾਈਲੈਂਡ ਦੀ ਥਾਈ ਲਾਈਨ ਏਅਰ 28 ਅਕਤੂਬਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਬੈਂਕਾਕ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰ ਰਹੀ ਹੈ।

ਇਸ ਦੇ ਸ਼ੁਰੂ ਹੋਣ ‘ਤੇ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਕਿਉਂਕਿ ਹਰ ਸਾਲ ਵੱਡੀ ਗਿਣਤੀ ‘ਚ ਲੋਕ ਥਾਈਲੈਂਡ ਘੁੰਮਣ ਜਾਂਦੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦਿੱਲੀ ਤੋਂ ਫਲਾਈਟ ਲੈਣੀ ਪੈਂਦੀ ਸੀ। ਹੁਣ ਇੱਕ ਵਾਰ ਇਹ ਉਡਾਣ ਸ਼ੁਰੂ ਹੋਣ ਨਾਲ ਸਮਾਂ ਅਤੇ ਪੈਸਾ ਦੋਵਾਂ ਦੀ ਬੱਚਤ ਹੋਵੇਗੀ।

ਥਾਈ ਲਾਈਨ ਏਅਰ ਹਫ਼ਤੇ ਵਿਚ ਚਾਰ ਦਿਨ ਉਡਾਣਾਂ ਚਲਾਏਗੀ। ਇਸ ਤਹਿਤ ਇਹ ਜਹਾਜ਼ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਰਾਤ 8.10 ਵਜੇ ਉਡਾਣ ਭਰੇਗਾ ਅਤੇ ਚਾਰ ਘੰਟੇ 45 ਮਿੰਟ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਭਾਰਤੀ ਸਮੇਂ ਅਨੁਸਾਰ ਰਾਤ 11.25 ਵਜੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇਗਾ। ਇਸੇ ਤਰ੍ਹਾਂ ਇਹ ਜਹਾਜ਼ ਅੰਮ੍ਰਿਤਸਰ ਤੋਂ ਹਰ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਸਵੇਰੇ 12.25 ਵਜੇ ਉਡਾਣ ਭਰੇਗਾ ਅਤੇ ਥਾਈਲੈਂਡ ਦੇ ਸਮੇਂ ਅਨੁਸਾਰ ਸਵੇਰੇ 6.15 ਵਜੇ ਬੈਂਕਾਕ ਪਹੁੰਚੇਗਾ।