ਕਰਤਾਰਪੁਰ ਲਾਂਘੇ ਸਬੰਧੀ ਬਿਆਨ ਵਿਚ ਕੋਈ ਧਾਰਮਿਕ ਉਦੇਸ਼ ਨਹੀਂ, ਗਲਤ ਵਰਤੋ ਕੀਤੇ ਜਾਣ ਦੇ ਵਿਰੁੱਧ ਸਖਤ ਨਿਗਰਾਣੀ ਦੀ ਲੋੜ : ਡੀਜੀਪੀ ਗੁਪਤਾ

    0
    483

    ਚੰਡੀਗੜ. ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ 20 ਫਰਵਰੀ ਨੂੰ ਇੰਡੀਅਨ ਐਕਸਪ੍ਰੈਸ ਵਿੱਚ ਵਿਚਾਰ-ਵਟਾਂਦਰਾ ਸਮਾਰੋਹ ਦੌਰਾਨ ਉਹਨਾਂ ਵਲੋਂ ਦਿੱਤੇ ਬਿਆਨ ਨੂੰ ਗਲਤ ਸਮਝੇ ਜਾਣ ਜਾਂ ਗਲਤ ਤਰੀਕੇ ਨਾਲ ਪੇਸ਼ ਕਰਨ ‘ਤੇ ਡੂੰਘਾ ਰੋਸ ਜ਼ਾਹਰ ਕੀਤਾ ਹੈ। ਇਥੇ ਜਾਰੀ ਇਕ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ “ਮੈਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ‘ਤੇ ਬਹੁਤ ਖੁਸ਼ ਹੋਇਆ। ਜਿਸ ਨੇ ਮੇਰੇ ਵਰਗੇ ਉਨਾਂ ਲੱਖਾਂ ਸ਼ਰਧਾਲੂਆਂ ਦੀਆਂ ਦਹਾਕਿਆਂ ਪੁਰਾਣੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ, ਜੋ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ‘ਚ ਵਿਸ਼ਵਾਸ ਰੱਖਦੇ ਹਨ। ਉਹਨਾਂ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ, ਜਿਸ ਵਿਚ ਵੰਡ ਪਿਛੋਂ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਧਾਰਮਿਕ ਅਸਥਾਨਾਂ ਦੇ ‘ਖੁਲੇ ਦਰਸ਼ਨ-ਦੀਦਾਰ’ ਮੰਗੇ ਜਾਂਦੇ ਸਨ, ਦੀ ਪੂਰਤੀ ਹੋਈ ਹੈ।

    ਗੁਪਤਾ ਨੇ ਇਹ ਵੀ ਕਿਹਾ ਕਿ ਰਾਜ ਦੇ ਡੀਜੀਪੀ ਵਜੋਂ ਉਨਾਂ ਸੂਬਾ ਪੁਲਿਸ ਨੂੰ, ਜੋ ਕਿ ਸਰਹੱਦ ਪਾਰੋਂ ਫੰਡ ਅਤੇ ਸਹਾਇਤਾ ਪ੍ਰਾਪਤ ਹਿੰਸਕ ਅੱਤਵਾਦ ਵਿਰੁੱਧ ਲਗਾਤਾਰ ਲੜਾਈ ਦਾ ਸਾਹਮਣਾ ਕਰ ਰਹੀ ਹੈ, ਨੂੰ ਚੌਕਸ ਰਹਿਣ ਦੀ ਜਰੂਰਤ ਹੈ। ”ਮੈਂ ਸਿਰਫ ਭਾਰਤ ਪ੍ਰਤੀ ਦੁਸ਼ਮਣੀ ਰੱਖਦੇ ਬਦਨਾਮ ਅਨਸਰਾਂ ਅਤੇ ਹਰ ਮੌਕੇ ਦਾ, ਇਥੋਂ ਤੱਕ ਕਿ ਸਭ ਤੋਂ ਪਵਿੱਤਰ ਸਥਾਨਾਂ ਦਾ ਵੀ ਨਜਾਇਜ਼ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਚੌਕਸ ਰਹਿਣ ਲਈ ਕਿਹਾ ਹੈ, ਜੋ ਕਿ ਦੇਸ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਤੱਤਪਰ ਰਹਿੰਦੇ ਹਨ।

    ਉਹਨਾਂ ਨੇ ਕਿਹਾ ਕਿ ਰਾਜ ਸਰਕਾਰ ਅਤੇ ਇਸ ਦੀਆਂ ਸਾਰੀਆਂ ਏਜੰਸੀਆਂ, ਜਿਨਾਂ ਵਿੱਚ ਪੰਜਾਬ ਪੁਲਿਸ ਸ਼ਾਮਲ ਹੈ, ਨੇ ਇਤਿਹਾਸਕ ਸਮਾਗਮ ਨੂੰ ਸਫਲਤਾਪੂਰਵਕ ਮਨਾਉਣ ਲਈ ਬੜੀ ਸ਼ਰਧਾ ਅਤੇ ਵਚਨਬੱਧਤਾ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ “ਸੂਬੇ ਦਾ ਡੀਜੀਪੀ ਹੋਣ ਦੇ ਨਾਤੇ, ਮੈਂ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਨਿਰਵਿਘਨ ਪਹੁੰਚ ਦੀ ਸਹੂਲਤ ਸਬੰਧੀ ਕੰਮ ਕਰਨਾ ਜਾਰੀ ਰੱਖਾਂਗੇ।

    ਡੀਜੀਪੀ ਨੇ ਕਿਹਾ ਕਿ ਉਹ ਖੁਦ ਨਵੰਬਰ 2019 ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਪਹਿਲੇ ਯਾਤਰੀ ਜਥੇ ਮੌਕੇ ਉਥੇ ਸਨ ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸਰਹੱਦ ਪਾਰ ਕੀਤੀ ਸੀ। ਉਨਾਂ ਕਿਹਾ ਕਿ ਪਿਛਲੇ ਚਾਰ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ 51,000 ਤੋਂ ਵੱਧ ਸ਼ਰਧਾਲੂਆਂ ਦੀ ਸਹਾਇਤਾ ਕੀਤੀ ਹੈ ਅਤੇ ਅੱਗੋਂ ਵੀ ਅਸੀਂ ਇਸ ਨੂੰ ਯਕੀਨੀ ਬਣਾਉਣਾ ਜਾਰੀ ਰੱਖਾਂਗੇ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।