ਨਿਤਿਨ ਕੋਹਲੀ ਨੇ ਜਵਾਹਰ ਨਗਰ ਟੈਂਕੀ ਵਾਲੀ ਪਾਰਕ ਵਿਖੇ 18 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਕੀਤਾ ਉਦਘਾਟਨ

0
154

ਹੁਣ ਇਲਾਕਾ ਵਾਸੀਆਂ ਨੂੰ ਸਾਫ਼ ਪਾਣੀ ਦੀ ਆਸਾਨੀ ਨਾਲ ਪਹੁੰਚ ਹੋਵੇਗੀ

ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ ਵਾਰਡ ਨੰਬਰ 30 ਦੇ ਜਵਾਹਰ ਨਗਰ ਟੈਂਕੀ ਵਾਲੀ ਪਾਰਕ ਵਿੱਚ ਲਗਭਗ 18 ਲੱਖ ਦੀ ਲਾਗਤ ਨਾਲ ਬਣੇ ਟਿਊਬਵੈੱਲ ਦਾ ਉਦਘਾਟਨ ਕੀਤਾ।

ਉਦਘਾਟਨ ਸਮਾਰੋਹ ਦੌਰਾਨ, ਨਿਤਿਨ ਕੋਹਲੀ ਨੇ ਕਿਹਾ ਕਿ ਟਿਊਬਵੈੱਲ ਨਾਲ ਇਲਾਕੇ ਦੇ ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਸਨ, ਅਤੇ ਹੁਣ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਹੇਠ, ਪੰਜਾਬ ਭਰ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਤਰਜੀਹ ਦਿੰਦੇ ਹੋਏ, ਹਰ ਵਾਰਡ ਵਿੱਚ ਬਰਾਬਰ ਵਿਕਾਸ ਨੂੰ ਯਕੀਨੀ ਬਣਾਉਣਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਅਸੀਂ ” ਸੁਣਾਗੇ ਵੀ, ਤੇ ਕਰਾਂਗੇ ਵੀ” ਦੇ ਸਿਧਾਂਤ ‘ਤੇ ਕੰਮ ਕਰ ਰਹੇ ਹਾਂ।

ਕੋਹਲੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਜਲੰਧਰ ਸੈਂਟਰ ਹਲਕੇ ਵਿੱਚ ਸੜਕਾਂ, ਪਾਰਕਾਂ, ਸੀਵਰੇਜ ਅਤੇ ਪਾਣੀ ਸਪਲਾਈ ਨਾਲ ਸਬੰਧਤ ਕਈ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕੇ ਦੇ ਹਰ ਖੇਤਰ ਵਿੱਚ ਇਸੇ ਤਰ੍ਹਾਂ ਦੇ ਵਿਕਾਸ ਕਾਰਜ ਜਾਰੀ ਰਹਿਣਗੇ।

ਪ੍ਰੋਗਰਾਮ ਦੇ ਅੰਤ ਵਿੱਚ, ਸਥਾਨਕ ਲੋਕਾਂ ਨੇ ਨਿਤਿਨ ਕੋਹਲੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਟਿਊਬਵੈੱਲ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜੋ ਹੁਣ ਪੂਰੀ ਹੋ ਗਈ ਹੈ। ਇਸ ਮੌਕੇ ਸਥਾਨਕ ਕੌਂਸਲਰ, ਜਵਾਹਰ ਨਗਰ ਦੇ ਪ੍ਰਧਾਨ ਪ੍ਰਭਜੋਤ ਸਿਦਾਨਾ, ਸਕੱਤਰ ਅਮਿਤ ਮਰਵਾਹਾ, ਨਰੇਸ਼ ਮਰਵਾਹਾ, ਸੁਰਿੰਦਰ ਸਿੰਘ ਭਾਪਾ, ਰਾਜਿੰਦਰ ਸਹਿਗਲ, ਅਖਿਲ ਸ਼ਰਮਾ, ਗੁਰਬਚਨ ਕਥੂਰੀਆ, ਅਜੇ ਚੋਪੜਾ, ਅਕਸ਼ੈ ਚੱਢਾ, ਸ਼ਿਵ ਸਹਿਗਲ ਅਤੇ ਹੋਰ ਇਲਾਕਾ ਨਿਵਾਸੀ ਮੌਜੂਦ ਸਨ।