ਨਿਠਾਰੀ ਕਤਲਕਾਂਡ ਦਾ ਮੁਲਜ਼ਮ ਮਨਿੰਦਰ ਪੰਧੇਰ ਜੇਲ ਤੋਂ ਰਿਹਾਅ; ਨੌਕਰ ਕੱਟੇਗਾ ਉਮਰ ਕੈਦ ਦੀ ਸਜ਼ਾ

0
2276

ਨੋਇਡਾ, 20 ਅਕਤੂਬਰ | ਨਿਠਾਰੀ ਕਤਲਕਾਂਡ ਦੇ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਨੂੰ ਸ਼ੁੱਕਰਵਾਰ ਨੂੰ ਗ੍ਰੇਟਰ ਨੋਇਡਾ ਦੀ ਲੁਕਸਰ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਮਾਮਲੇ ’ਚ ਪੰਧੇਰ ਨੂੰ 3 ਦਿਨ ਪਹਿਲਾਂ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ। ਜੇਲ ਤੋਂ ਰਿਹਾਅ ਹੋਣ ਮਗਰੋਂ ਪੰਧੇਰ ਇਕ ਗੱਡੀ ’ਚ ਬੈਠਾ ਅਤੇ ਬਿਨਾਂ ਕਿਸੇ ਨਾਲ ਗੱਲਬਾਤ ਕੀਤੇ ਚਲਾ ਗਿਆ। ਇਲਾਹਾਬਾਦ ਹਾਈਕੋਰਟ ਨੇ ਸੋਮਵਾਰ ਨੂੰ ਪੰਧੇਰ ਅਤੇ ਉਸ ਦੇ ਘਰੇਲੂ ਸਹਾਇਕ ਸੁਰਿੰਦਰ ਕੋਲੀ ਨੂੰ 2006 ਦੇ ਸਨਸਨੀਖੇਜ਼ ਮਾਮਲੇ ’ਚ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਇਸਤਿਗਾਸਾ ‘ਸ਼ੱਕ ਤੋਂ ਪਰੇ’ ਜੁਰਮ ਸਾਬਤ ਕਰਨ ’ਚ ਅਸਫ਼ਲ ਰਿਹਾ।

ਮੁੱਖ ਮੁਲਜ਼ਮ ਕੋਲੀ ਅਜੇ ਵੀ ਗਾਜ਼ੀਆਬਾਦ ਦੇ ਡਾਸਨਾ ਜੇਲ ’ਚ ਬੰਦ ਹੈ, ਉਹ 14 ਸਾਲਾਂ ਦੀ ਕੁੜੀ ਦੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟੇਗਾ। ਪੰਧੇਰ ਤੇ ਕੋਲੀ ’ਤੇ ਬਲਾਤਕਾਰ ਅਤੇ ਕਤਲ ਦੇ ਦੋਸ਼ ਲਾਏ ਗਏ ਸਨ। ਨੋਇਡਾ ਦੇ ਨਿਠਾਰੀ ’ਚ ਹੋਏ ਕਤਲਾਂ ’ਚ ਦੋਵਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਬਰ-ਜ਼ਨਾਹ ਅਤੇ ਸੰਭਾਵਿਤ ਮਨੁੱਖੀ ਮਾਸ ਖਾਣ ਦੇ ਸੰਕੇਤਾਂ ਵਾਲ ਨਿਠਾਰੀ ਕਤਲਕਾਂਡ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ ਸੀ। ਇਹ ਸਨਸਨੀਖੇਜ਼ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ 29 ਦਸੰਬਰ, 2006 ਨੂੰ ਕੌਮੀ ਰਾਜਧਾਨੀ ਨਾਲ ਲੱਗੇ ਨੋਇਡਾ ਦੇ ਨਿਠਾਰੀ ’ਚ ਪੰਧੇਰ ਦੇ ਮਕਾਨ ਪਿੱਛੋਂ ਡਰੇਨ ’ਚ ਕੁਝ ਪਿੰਜਰ ਮਿਲੇ ਸਨ। ਕੋਲੀ ਪੰਧੇਰ ਦਾ ਨੌਕਰ ਸੀ।