ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ/ਗੁਰਦਾਸਪੁਰ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਸ਼ੁੱਕਰਵਾਰ ਨੂੰ 2021 ਦੇ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ 2 ਵਿਅਕਤੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। NIA ਦੀ ਕਾਰਵਾਈ ਕਰੀਬ ਛੇ ਘੰਟੇ ਤੱਕ ਚੱਲੀ।
ਕੇਂਦਰੀ ਏਜੰਸੀ ਨੇ 10 ਲੱਖ ਰੁਪਏ, ਮੋਬਾਈਲ ਫ਼ੋਨ, ਸਿਮ ਕਾਰਡ ਅਤੇ ਇਤਰਾਜ਼ਯੋਗ ਸਮੱਗਰੀ ਵਾਲੀ ਇੱਕ ਡਾਇਰੀ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਫਿਲਹਾਲ NIA ਨੇ ਅਧਿਕਾਰਤ ਤੌਰ ‘ਤੇ ਕਿਸੇ ਦੀ ਗ੍ਰਿਫਤਾਰੀ ਜਾਂ ਹਿਰਾਸਤ ਦੀ ਪੁਸ਼ਟੀ ਨਹੀਂ ਕੀਤੀ ਹੈ।
ਐਨਆਈਏ ਦੇ ਸੂਤਰਾਂ ਅਨੁਸਾਰ ਇਹ ਛਾਪੇਮਾਰੀ ਇੱਕ ਅਤਿ ਲੋੜੀਂਦੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ ਦੀ ਹਿਰਾਸਤ ਵਿੱਚ ਪੁੱਛਗਿੱਛ ਅਤੇ ਐਨਆਈਏ ਵੱਲੋਂ ਜਾਰੀ ਜਾਂਚ ਦੇ ਆਧਾਰ ’ਤੇ ਕੀਤੀ ਗਈ ਹੈ। ਹੈਪੀ ਨੂੰ ਦਸੰਬਰ 2022 ਨੂੰ ਮਲੇਸ਼ੀਆ ਤੋਂ ਦਿੱਲੀ ਆਉਂਦੇ ਸਮੇਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਹੈਪੀ ਲੁਧਿਆਣਾ ਧਮਾਕੇ ਦਾ ਮੁੱਖ ਸਾਜ਼ਿਸ਼ਕਰਤਾ ਹੈ। 7 ਜਨਵਰੀ ਨੂੰ ਐਨਆਈਏ ਨੇ ਮੋਹਾਲੀ ਦੀ ਇੱਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਪਾਕਿਸਤਾਨੀ ਸਮੱਗਲਰ ਸਮੇਤ ਪੰਜ ਲੋਕਾਂ ਦੇ ਨਾਮ ਸ਼ਾਮਲ ਸਨ। NIA ਮੁਤਾਬਕ, ਹੈਪੀ ਪਾਕਿਸਤਾਨ ਸਥਿਤ ਖਾਲਿਸਤਾਨ ਪੱਖੀ ਸੰਗਠਨ ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ (ISYF) ਦੇ ਆਗੂ ਲਖਬੀਰ ਸਿੰਘ ਰੋਡੇ ਦਾ ਸਾਥੀ ਹੈ, ਜਿਸ ਦੇ ਨਿਰਦੇਸ਼ਾਂ ‘ਤੇ ਉਸ ਨੂੰ ਪਾਕਿਸਤਾਨ ਤੋਂ ਆਈ.ਈ.ਡੀ. ਦੀ ਡਲਿਵਰੀ ਕਰਵਾਈ ਗਈ ਸੀ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਵੀ ਇਸੇ ਆਈ.ਈ.ਡੀ. ਬੰਬ ਧਮਾਕੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ ਸਨ।
ਮੁਕਤਸਰ ਵਿੱਚ ਜਿਸ ਵਪਾਰੀ ਦੇ ਘਰ ਛਾਪਾ ਮਾਰਿਆ ਗਿਆ, ਉਹ ਪੰਜਾਬੀ ਅਤੇ ਲਾਹੌਰੀ ਜੁੱਤੀਆਂ ਦਾ ਥੋਕ ਦਾ ਕਾਰੋਬਾਰ ਕਰਦਾ ਹੈ। ਉਸ ਦੇ ਪਾਕਿਸਤਾਨ ਦੇ ਲਾਹੌਰ ਨਾਲ ਵੀ ਸਬੰਧ ਹਨ। ਉਸ ਦਾ ਸਰਹੱਦ ਪਾਰ ਤੋਂ ਲੈਣ-ਦੇਣ ਵੀ ਹੈ। ਟੀਮ ਨੇ ਸਵੇਰੇ 6.30 ਵਜੇ ਕੋਟਕਪੂਰਾ ਰੋਡ ‘ਤੇ ਸਥਿਤ ਵਪਾਰੀ ਦੇ ਘਰ ‘ਤੇ ਕਾਰਵਾਈ ਕੀਤੀ।