ਲੁਧਿਆਣਾ ‘ਚ ਨਹੀਂ ਮਨਾਇਆ ਜਾਵੇਗਾ ਨਵੇਂ ਸਾਲ ਦਾ ਜਸ਼ਨ, ਜਾਣੋ ਵਜ੍ਹਾ

0
286

 ਲੁਧਿਆਣਾ, 30 ਦਸੰਬਰ | ਨਵੇਂ ਸਾਲ ‘ਤੇ ਹੋਣ ਵਾਲੇ ਲਾਈਵ ਕੰਸਰਟ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ ਅਤੇ ਲੋਕਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੌਰਾਨ ਖਬਰ ਸਾਹਮਣੇ ਆਈ ਹੈ ਕਿ ਡੀਸੀ ਨੇ 31 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ ਤੇ ਸ਼ਹਿਰ ਦੇ ਕਲੱਬਾਂ ਵਿਚ ਹੋਣ ਵਾਲੇ ਨਵੇਂ ਸਾਲ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਇਸ ਸਬੰਧੀ ਸਮੂਹ ਕਲੱਬਾਂ ਦੇ ਸਕੱਤਰਾਂ ਨੂੰ ਡੀ.ਸੀ. ਨੇ ਹਦਾਇਤ ਕੀਤੀ ਕਿ 31 ਦਸੰਬਰ ਨੂੰ ਕਲੱਬਾਂ ਵਿਚ ਨਵੇਂ ਸਾਲ ਸਬੰਧੀ ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ।

ਇਸ ਤੋਂ ਬਾਅਦ ਕਲੱਬਾਂ ਦੇ ਮਾਲਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਸੀ। ਇਸ ਦੇ ਨਾਲ ਹੀ ਉਹ ਵਿਰੋਧ ਵੀ ਕਰ ਰਹੇ ਹਨ। ਇਸ ਸਬੰਧੀ ਇਕ ਕਲੱਬ ਦੇ ਮਾਲਕ ਨੇ ਦੱਸਿਆ ਕਿ ਡੀ.ਸੀ. ਨੇ ਰਾਸ਼ਟਰੀ ਸੋਗ ਦਾ ਹਵਾਲਾ ਦਿੰਦੇ ਹੋਏ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਡੀਸੀ ਦਾ ਕਹਿਣਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹ ਸਿੰਘ ਦੀ ਮੌਤ ‘ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਇੱਕ ਹਫ਼ਤੇ ਦਾ ਰਾਸ਼ਟਰੀ ਸੋਗ ਮਨਾਇਆ ਜਾ ਰਿਹਾ ਹੈ। ਇਸ ਕਾਰਨ ਸਰਕਾਰੀ ਕਲੱਬਾਂ ਅਤੇ ਸਰਕਾਰੀ ਥਾਵਾਂ ’ਤੇ ਸਮਾਗਮ ਨਹੀਂ ਕੀਤੇ ਜਾ ਸਕਦੇ ਹਨ। ਕਲੱਬ ਦੇ ਮਾਲਕ ਨੇ ਕਿਹਾ ਕਿ ਜੇਕਰ ਰਾਸ਼ਟਰੀ ਸੋਗ ਹੈ ਤਾਂ ਦਿਲਜੀਤ ਦਾ ਸਮਾਰੋਹ ਕਿਉਂ ਕਰਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਲੁਧਿਆਣਾ ਵਿਚ ਸਤਲੁਜ ਕਲੱਬ, ਲੁਧਿਆਣਾ ਕਲੱਬ ਅਤੇ ਲੋਧੀ ਕਲੱਬ ਵਿਚ ਨਵੇਂ ਸਾਲ ਦੇ ਸਬੰਧ ਵਿਚ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸ ਦੇ ਨਾਲ ਹੀ ਕਈ ਪੰਜਾਬੀ ਕਲਾਕਾਰ ਨਵੇਂ ਸਾਲ ‘ਤੇ ਕਲੱਬਾਂ ‘ਚ ਸ਼ੋਅ ਵੀ ਕਰਦੇ ਹਨ।