ਨਿਊ ਯੀਅਰ ਸੈਲੀਬ੍ਰੇਸ਼ਨ : 150 ਟ੍ਰੈਫਿਕ ਮੁਲਾਜ਼ਮ, 200 PCR ਕਰਮਚਾਰੀ ਰੱਖਣਗੇ ਨਜ਼ਰ; ਰਾਤ 1 ਵਜੇ ਤੱਕ ਰਹੇਗਾ ਪੁਲਿਸ ਦਾ ਪਹਿਰਾ

0
23149

ਜਲੰਧਰ | ਸ਼ਹਿਰਵਾਸੀ ਨਵੇਂ ਸਾਲ 2022 ਦੇ ਸਵਾਗਤ ਲਈ ਤਿਆਰ ਹਨ, ਹੋਟਲ ਸਜ ਚੁੱਕੇ ਹਨ ਤੇ ਪਾਰਟੀਆਂ ਲਈ ਹਾਲ ਬੁੱਕ ਹੋ ਚੁੱਕੇ ਹਨ। ਸ਼ਹਿਰਵਾਸੀਆਂ ਦੀ ਸੁਰੱਖਿਆ ਤੇ ਟ੍ਰੈਫਿਕ ਨੂੰ ਸੰਭਾਲਣ ਲਈ ਸ਼ਹਿਰ ਦੇ ਪ੍ਰਮੁੱਖ ਚੌਕਾਂ ਤੇ ਚੌਕਾਂ ਦੇ ਬਾਹਰ ਟ੍ਰੈਫਿਕ ਪੁਲਿਸ ਦੇ 150 ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਨਵੇਂ ਸਾਲ ਤੋਂ ਪਹਿਲਾਂ ਪੀ.ਸੀ.ਆਰ. ਦੇ ਜਵਾਨ ਦਿਨ-ਰਾਤ ਗਸ਼ਤ ‘ਤੇ ਰਹਿਣਗੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਤੇ ਲੋਕ ਸੁਰੱਖਿਅਤ ਰਹਿਣ। ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਬਾਹਰੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਓਮੀਕਰੋਨ ਦੇ ਮੱਦੇਨਜ਼ਰ ਵੀ ਪੁਲਿਸ ਅਧਿਕਾਰੀ ਸਖ਼ਤ ਹਨ ਤੇ ਸ਼ਹਿਰਵਾਸੀਆਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਹਦਾਇਤ ਕਰ ਰਹੇ ਹਨ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਜੁਆਇੰਟ ਸੀਪੀ ਸੰਦੀਪ ਮਲਿਕ ਤੇ ਏਡੀਸੀਪੀ ਟਰੈਫ਼ਿਕ ਗਗਨੇਸ਼ ਕੁਮਾਰ ਦੇ ਹੁਕਮਾਂ ’ਤੇ ਪੁਲਿਸ ਮੁਲਾਜ਼ਮ ਜਾਮ ਨਾਲ ਨਜਿੱਠਣ ਲਈ ਤਿਆਰ ਹਨ।

ਏ.ਡੀ.ਸੀ.ਪੀ. ਟ੍ਰੈਫਿਕ ਗਗਨੇਸ਼ ਕੁਮਾਰ ਨੇ ਦੱਸਿਆ ਕਿ ਜਿੱਥੇ 150 ਟ੍ਰੈਫਿਕ ਕਰਮਚਾਰੀ ਪ੍ਰਮੁੱਖ ਚੌਕਾਂ ‘ਤੇ ਸ਼ਹਿਰ ‘ਚ ਦਾਖਲ ਹੋਣ ਵਾਲੇ ਵਾਹਨਾਂ ‘ਤੇ ਨਜ਼ਰ ਰੱਖਣਗੇ, ਉਥੇ ਹੀ 200 ਪੀਸੀਆਰ ਕਰਮਚਾਰੀ ਵੀ ਗਸ਼ਤ ‘ਤੇ ਰਹਿਣਗੇ। ਦੰਗਾਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਕੋਰੋਨਾ ਖਤਮ ਨਹੀਂ ਹੋਇਆ। ਜਿੱਥੋਂ ਤੱਕ ਹੋ ਸਕੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਸਾਲ ਨੂੰ ਸੈਲੀਬ੍ਰੇਟ ਕਰੋ। ਲੋਕਾਂ ਦੀ ਮਦਦ ਤੇ ਸੁਰੱਖਿਆ ਲਈ 24 ਘੰਟੇ ਟ੍ਰੈਫਿਕ ਪੁਲਿਸ ਤਾਇਨਾਤ ਰਹੇਗੀ।

ਗਲਤ ਪਾਰਕਿੰਗ ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਕੱਟੇ ਜਾਣਗੇ ਚਲਾਨ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ। 31 ਦਸੰਬਰ ਨੂੰ ਸਵੇਰੇ 8 ਵਜੇ ਮੁਲਾਜ਼ਮ ਚੌਕਾਂ ‘ਤੇ ਤਾਇਨਾਤ ਰਹਿਣਗੇ ਤੇ ਰਾਤ 1 ਵਜੇ ਤੱਕ ਨਿਗਰਾਨੀ ਰੱਖਣਗੇ। ਹੋਟਲਾਂ ਦੇ ਬਾਹਰ ਸੜਕ ‘ਤੇ ਵਾਹਨ ਖੜ੍ਹੇ ਨਹੀਂ ਹੋਣ ਦਿੱਤੇ ਜਾਣਗੇ। ਅਜਿਹਾ ਕਰਨ ਵਾਲਿਆਂ ਦੇ ਵਾਹਨਾਂ ਦੇ ਚਲਾਨ ਕੱਟੇ ਜਾਣਗੇ।

ਇੱਥੇ ਰੱਖਿਆ ਜਾਵੇਗਾ ਵਿਸ਼ੇਸ਼ ਧਿਆਨ…

ਰਾਮਾ ਮੰਡੀ, ਬੀਐੱਸਐੱਫ ਚੌਕ, ਬੀਐੱਮਸੀ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਬੀਆਰ ਅੰਬੇਡਕਰ ਚੌਕ, ਮਾਡਲ ਟਾਊਨ, ਮਾਡਲ ਹਾਊਸ, ਵਡਾਲਾ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਫੁੱਟਬਾਲ ਚੌਕ, ਚਿਕ-ਚਿਕ ਹਾਊਸ ਚੌਕ, ਲਵਕੁਸ਼ ਚੌਕ, ਨਿਗਮ ਚੌਕ, ਪਠਾਨਕੋਟ ਚੌਕ, ਮਕਸੂਦਾਂ ਚੌਕ ਤੇ ਸ਼ਹਿਰ ਦੇ ਬਾਹਰਲੇ ਹੋਟਲਾਂ ‘ਤੇ ਪੁਲਿਸ ਮੁਲਾਜ਼ਮ ਗਸ਼ਤ ਕਰਦੇ ਰਹਿਣਗੇ।