ਨਵਾਂ ਖੁਲਾਸਾ : ਸਲਮਾਨ ਖ਼ਾਨ ਨੂੰ ਮਾਰਨ ਦੀ 3 ਵਾਰ ਕੋਸ਼ਿਸ਼ ਕਰ ਚੁੱਕਿਐ ਬਿਸ਼ਨੋਈ ਗੈਂਗ

0
2245

ਨਵੀਂ ਦਿੱਲੀ| ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁਡ ਸੁਪਰਸਟਾਰ ਸਲਮਾਨ ਖਾਨ ਨੂੰ ਮਾਰਨ ਦੀ ‘ਸੁਪਾਰੀ’ ਅਪਣੇ ਭਰਾ ਅਤੇ ਸਾਥੀ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਦਿਤੀ ਹੈ।

ਮੀਡੀਆ ’ਚ ਆਈਆਂ ਖ਼ਬਰਾਂ ਮੁਤਾਬਕ ਸੂਤਰਾਂ ਨੇ ਦੱਸਿਆ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਖਤਮ ਕਰਨ ਦੀਆਂ ਤਿੰਨ ਅਸਫ਼ਲ ਕੋਸ਼ਿਸ਼ਾਂ ਕੀਤੀਆਂ। ਸਲਮਾਨ ਖਾਨ ਨੂੰ ਮਾਰਨ ਲਈ ਬਿਸ਼ਨੋਈ ਵਲੋਂ ਛੇੜੀਆਂ ਇਨ੍ਹਾਂ ਤਿੰਨ ਮੁਹਿੰਮਾਂ ਦੀ ਅਗਵਾਈ ਗੈਂਗਸਟਰ ਸੰਪਤ ਨਹਿਰਾ, ਦੀਪਕ ਅਤੇ ਟੀਨੂੰ ਨੇ ਕੀਤੀ ਸੀ।

ਸੂਤਰਾਂ ਨੇ ਕਿਹਾ, ‘‘ਤਿੰਨੇ ਅਪਣੇ ਮਿਸ਼ਨ ’ਚ ਅਸਫਲ ਰਹੇ। ਇਸ ਤੋਂ ਬਾਅਦ, ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦਾ ਕੰਮ ਕਿਸੇ ਹੋਰ ਨੂੰ ਸੌਂਪਣ ਦਾ ਫੈਸਲਾ ਕੀਤਾ ਅਤੇ ਹੁਣ ਉਸ ਨੇ ਅਪਣੇ ਭਰਾ ਅਨਮੋਲ ਬਿਸ਼ਨੋਈ ਨੂੰ ਇਸ ਕਾਰਵਾਈ ਲਈ ਚੁਣਿਆ ਹੈ।’’ ਸੂਤਰਾਂ ਦਾ ਕਹਿਣਾ ਹੈ ਕਿ ਉਹ ਸਲਮਾਨ ਖਾਨ ਨਾਲ ਜੁੜੀ ਨਵੀਂ ਜਾਣਕਾਰੀ ਦੀ ਜਾਣਕਾਰੀ ਮੁੰਬਈ ਪੁਲਸ ਨੂੰ ਦੇਣਗੇ।

ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੀ ਸਕ੍ਰੀਨਿੰਗ ਦੌਰਾਨ ਸਲਮਾਨ ਖਾਨ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿਤੀ ਗਈ ਸੀ। ਸਲਮਾਨ ਨੂੰ ਮਿਲੀ ਈ-ਮੇਲ ਤੋਂ ਬਾਅਦ ਅਦਾਕਾਰ ਦੀ ਸੁਰੱਖਿਆ ਵਧਾ ਦਿਤੀ ਗਈ ਸੀ। ਖਾਸ ਗੱਲ ਇਹ ਹੈ ਕਿ ਸਲਮਾਨ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੇ ਪਰਿਵਾਰ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਗਈ ਸੀ। ਸਲਮਾਨ ਖਾਨ ਦੇ ਪਰਿਵਾਰ ਨੂੰ ਧਮਕੀਆਂ ਦੇਣ ਦੇ ਦੋਸ਼ ’ਚ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗਰਗ ਵਿਰੁਧ ਮਾਮਲਾ ਦਰਜ ਕੀਤਾ ਗਿਆ ਸੀ।

ਹੁਣ ਜਰਮਨ ਦੇ ਬਣੇ ਮਹਿੰਗੇ ਪਿਸਤੌਲ ਵਰਤ ਰਹੇ ਨੇ ਗੈਂਗਸਟਰ
ਸੂਤਰਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਲਾਰੈਂਸ ਦੇ ਗਰੋਹ ਨੇ ਤੁਰਕੀ ਦੇ ਬਣੇ ਜ਼ਿਗਾਨਾ ਪਿਸਤੌਲਾਂ ਦੀ ਬਜਾਏ ਜਰਮਨੀ ਦੇ ਬਣੇ ਪੀਐਸ 30 ਪਿਸਤੌਲਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ ਹੈ। ਇਹ ਪਿਸਤੌਲ 8 ਤੋਂ 10 ਲੱਖ ਰੁਪਏ ’ਚ ਖਰੀਦੇ ਜਾਂਦੇ ਹਨ ਅਤੇ ਗਰੋਹ ਇਹ ਹਥਿਆਰ ਅਪਣੇ ਵਿਦੇਸ਼ੀ ਸਾਥੀਆਂ ਤੋਂ ਪ੍ਰਾਪਤ ਕਰ ਰਿਹਾ ਹੈ।

ਇਕ ਅਧਿਕਾਰੀ ਨੇ ਕਿਹਾ, ‘‘ਅਮਰੀਕਾ ’ਚ ਰਹਿਣ ਵਾਲਾ ਰਣਜੀਤ ਡੁਪਲਾ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਸੰਪਰਕ ’ਚ ਹੈ। ਡੁਪਲਾ ਪਹਿਲਾਂ ਪੰਜਾਬ-ਅਧਾਰਤ ਗੈਂਗਸਟਰ ਸੀ ਜੋ ਅਮਰੀਕਾ ਭੱਜ ਗਿਆ ਸੀ ਅਤੇ ਹੁਣ ਅੰਤਰਰਾਸ਼ਟਰੀ ਹਥਿਆਰਾਂ ਦਾ ਡੀਲਰ ਹੈ। 2017 ’ਚ, ਡੁਪਲਾ ਨੂੰ ਪੰਜਾਬ ’ਚ ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਹਥਿਆਰਾਂ ਦੀ ਤਸਕਰੀ ਦੇ ਇਕ ਕੇਸ ’ਚ ਭਗੌੜਾ ਕਰਾਰ ਦਿਤਾ ਸੀ।’’

ਸੂਤਰਾਂ ਨੇ ਦਸਿਆ ਕਿ ਡੁਪਲਾ ’ਤੇ ਕਤਲ, ਅਗਵਾ, ਕਤਲ ਦੀ ਕੋਸ਼ਿਸ਼, ਡਕੈਤੀ ਅਤੇ ਪੈਸੇ ਬਦਲੇ ਕਤਲ ਕਰਨ ਦੇ ਦੋਸ਼ ਵੀ ਹਨ। ਉਸ ਨੂੰ ਆਖਰੀ ਵਾਰ 2014 ’ਚ ਫੜਿਆ ਗਿਆ ਸੀ, ਜਦੋਂ ਉਸ ਕੋਲੋਂ ਵੱਡੀ ਗਿਣਤੀ ’ਚ ਵਿਦੇਸ਼ੀ ਹਥਿਆਰ ਬਰਾਮਦ ਹੋਏ ਸਨ, ਜੋ ਉਹ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ।
ਫਿਲਹਾਲ ਏਜੰਸੀਆਂ ਉਸ ਨੂੰ ਭਾਰਤ ਵਾਪਸ ਲਿਆਉਣ ਲਈ ਕੰਮ ਕਰ ਰਹੀਆਂ ਹਨ। 

ਦਖਣ ਭਾਰਤ ਤੋਂ ਵਿਦੇਸ਼ਾਂ ਤਕ ਫੈਲ ਰਿਹੈ ਲਾਰੈਂਸ ਦਾ ਨੈੱਟਵਰਕ
ਲਾਰੈਂਸ ਬਿਸ਼ਨੋਈ ਗਰੋਹ ਦਖਣੀ ਸੂਬਿਆਂ ’ਚ ਅਪਣਾ ਨੈੱਟਵਰਕ ਵਧਾਉਣ ਲਈ ਕੰਮ ਕਰ ਰਿਹਾ ਹੈ ਅਤੇ ਸੰਪਤ ਨਹਿਰਾ ਨੌਜਵਾਨਾਂ ਨੂੰ ਗੈਂਗ ’ਚ ਭਰਤੀ ਕਰ ਰਿਹਾ ਹੈ। ਸੂਤਰ ਨੇ ਕਿਹਾ, ‘‘ਕਾਲਾ ਜਥੇੜੀ, ਨਰੇਸ਼ ਸੇਠੀ, ਰੋਹਿਤ ਮੂਈ ਅਤੇ ਕਪਿਲ ਸਾਂਗਵਾਨ ਉਰਫ਼ ਨੰਦੂ ਖੁੱਲ੍ਹੇਆਮ ਲਾਰੈਂਸ ਬਿਸ਼ਨੋਈ ਨੂੰ ਪੂਰਾ ਸਮਰਥਨ ਦੇ ਰਹੇ ਹਨ। ਉਹ ਬਿਸ਼ਨੋਈ ਸਿੰਡੀਕੇਟ ਦਾ ਹਿੱਸਾ ਹਨ।’’
ਦਿੱਲੀ ਪੁਲਿਸ ਵਲੋਂ ਅਨਮੋਲ ਬਿਸ਼ਨੋਈ ਵਿਰੁਧ ਦਾਇਰ ਕੀਤੀ ਗਈ ਚਾਰਜਸ਼ੀਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਗਰੋਹ ਨੂੰ ਲੰਡਨ ਸਥਿਤ ਇਕ ਅਪਰਾਧੀ ਤੋਂ ਵੀ ਸਮਰਥਨ ਪ੍ਰਾਪਤ ਹੈ। ਇਹ ਚਾਰਜਸ਼ੀਟ ਦਿੱਲੀ ਦੇ ਸਨਲਾਈਟ ਕਲੋਨੀ ਇਲਾਕੇ ’ਚ ਗੋਲੀਬਾਰੀ ਅਤੇ ਜਬਰੀ ਵਸੂਲੀ ਦੀ ਘਟਨਾ ਦੇ ਸਬੰਧ ’ਚ ਦਾਇਰ ਕੀਤੀ ਗਈ ਸੀ।

ਨਾਬਾਲਗਾਂ ਦੀ ਭਰਤੀ ਵੀ ਕਰ ਰਿਹੈ ਗੈਂਗ
ਸੂਤਰਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਅਨਮੋਲ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਦੇ ਇਕ ਗੁਆਂਢੀ ਅਕਸ਼ੈ ਬਿਸ਼ਨੋਈ ਨੂੰ ਅਪਣੇ ਗੈਂਗ ’ਚ ਭਰਤੀ ਕੀਤਾ ਸੀ। ਅਕਸ਼ੈ ਨੂੰ ਗੈਂਗ ਦਾ ਨਵਾਂ ਚਿਹਰਾ ਮੰਨਿਆ ਜਾਂਦਾ ਹੈ ਅਤੇ ਉਸ ਨੂੰ ਹਾਲ ਹੀ ’ਚ ਰਾਜਸਥਾਨ ਦੇ ਹਨੂੰਮਾਨਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਦਿੱਲੀ ਕ੍ਰਾਈਮ ਬ੍ਰਾਂਚ ਆਉਣ ਵਾਲੇ ਹਫਤਿਆਂ ’ਚ ਫਿਰੌਤੀ ਦੇ ਮਾਮਲਿਆਂ ਬਾਰੇ ਵੀ ਉਸ ਤੋਂ ਪੁੱਛਗਿੱਛ ਕਰੇਗੀ। ਸੋਸ਼ਲ ਮੀਡੀਆ ਦੇ ਜ਼ਰੀਏ, ਡੇਵਿਡ ਨਾਂ ਦਾ ਇਕ ਗੁਜਰਾਤ ਵਾਸੀ ਬਿਸ਼ਨੋਈ ਲਈ ਕੰਮ ਕਰਨ ਲਈ ਅਕਸ਼ੈ ਦੀ ਟੀਮ ’ਚ ਸ਼ਾਮਲ ਹੋਇਆ। ਅਕਸ਼ੈ ਦਾ ਕੰਮ ਨਾਬਾਲਗਾਂ ਦੀ ਭਰਤੀ ਅਤੇ ਗੈਂਗ ਦੇ ਮੈਂਬਰਾਂ ਤਕ ਮਾਲ-ਅਸਬਾਬ ਪਹੁੰਚਾਉਣਾ ਹੈ।