ਜਲਦ ਲਾਗੂ ਹੋਣ ਜਾ ਰਿਹਾ ਨਵਾਂ ਲੇਬਰ ਕੋਡ, ਸੌਖਾ ਹੋਵੇਗਾ ਕਾਰੋਬਾਰ, ਕੀ-ਕੀ ਬਦਲੇਗਾ, ਜਾਣੋ

0
740

ਨਵੀਂ ਦਿੱਲੀ | ਨਵੇਂ ਲੇਬਰ ਕੋਡ ਦੇ ਲਾਗੂ ਹੋਣ ਨਾਲ ਸਾਰੇ ਅਦਾਰਿਆਂ ਦੀ ਰਜਿਸਟ੍ਰੇਸ਼ਨ, ਲਾਈਸੈਂਸ ਤੇ ਨਿਰੀਖਣ ਲਈ ਇੱਕ ਸਿੰਗਲ ਪੋਰਟਲ ਦੀ ਵਰਤੋਂ ਕੀਤੀ ਜਾ ਸਕਦੀ ਹੈ, ਤਾਂ ਜੋ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਬਣਾਉਣ ਤੱਕ ਕੋਈ ਡੁਪਲੀਕੇਸ਼ਨ ਨਾ ਹੋਵੇ ਤੇ ਇੱਕ ਹੀ ਲਾਇਸੈਂਸ ਦੇਸ਼ ਭਰ ਵਿੱਚ ਕੰਮ ਕਰ ਸਕੇ। ਇਨ੍ਹਾਂ ਸਾਰੇ ਕੰਮਾਂ ਨੂੰ ਆਸਾਨ ਬਣਾਉਣ ਲਈ ਕਿਰਤ ਮੰਤਰਾਲਾ ਸ਼੍ਰਮ ਸੁਵਿਧਾ ਪੋਰਟਲ 2.0 ਵਿਕਸਿਤ ਕਰ ਰਿਹਾ ਹੈ।

ਲੇਬਰ ਨੂੰ ਸਮਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਇਸ ਲਈ ਸਾਰੇ ਰਾਜ ਆਪਣਾ ਲੇਬਰ ਕੋਡ ਜਾਰੀ ਕਰਨਗੇ ਤੇ ਰਾਜ ਆਪਣਾ ਪੋਰਟਲ ਵੀ ਵਿਕਸਤ ਕਰ ਸਕਦੇ ਹਨ। ਪਰ ਰਾਜ ਦੇ ਪੋਰਟਲ ਲੇਬਰ ਕੋਡ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਤੇ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਤੱਕ ਦੁਹਰਾਈ ਨੂੰ ਰੋਕਣ ਲਈ ਕੇਂਦਰ ਦੇ ਸ਼੍ਰਮ ਸੁਵਿਧਾ ਪੋਰਟਲ ਨਾਲ ਲਿੰਕ ਕੀਤੇ ਜਾਣਗੇ। ਹਾਲ ਹੀ ਵਿੱਚ ਸਾਰੇ ਰਾਜਾਂ ਦੇ ਕਿਰਤ ਮੰਤਰੀਆਂ ਦੀ ਕਾਨਫਰੰਸ ਵਿੱਚ ਕੇਂਦਰ ਦੇ ਲੇਬਰ ਪੋਰਟਲ ਅਤੇ ਰਾਜਾਂ ਦੇ ਪੋਰਟਲ ਨੂੰ ਏਕੀਕ੍ਰਿਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ।

ਰਿਟਰਨ ਵੀ ਫਾਈਲ ਕਰ ਸਕਣਗੇ ਪੋਰਟਲ ਤੇ

ਨਵੇਂ ਲੇਬਰ ਕੋਡ ਦੇ ਲਾਗੂ ਹੋਣ ਤੋਂ ਬਾਅਦ ਸਾਰੇ ਅਦਾਰਿਆਂ ਨੂੰ ਰਿਟਰਨ ਫਾਈਲ ਕਰਨੀ ਪਵੇਗੀ ਤੇ ਉਹ ਸ਼੍ਰਮ ਸੁਵਿਧਾ ਪੋਰਟਲ ’ਤੇ ਰਿਟਰਨ ਫਾਈਲ ਕਰਨਗੇ। ਸ਼੍ਰਮ ਸੁਵਿਧਾ ਪੋਰਟਲ ਰਾਹੀਂ ਇਕ ਹੀ ਥਾਂ ਤੋਂ ਪੂਰੇ ਦੇਸ਼ ਲਈ ਲਾਇਸੈਂਸ ਲਏ ਜਾ ਸਕਣਗੇ। ਕੰਮ ਦੀ ਸੁਰੱਖਿਆ ਤੇ ਸਿਹਤ ਕੋਡ ਦੇ ਤਹਿਤ ਠੇਕੇ ’ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸਪਲਾਈ ਲਈ ਠੇਕੇਦਾਰ ਨੂੰ ਲਾਇਸੈਂਸ ਲੈਣਾ ਪੈਂਦਾ ਹੈ। ਸ਼੍ਰਮ ਸੁਵਿਧਾ ਪੋਰਟਲ ਤੋਂ ਠੇਕੇਦਾਰ ਨੂੰ ਪੂਰੇ ਦੇਸ਼ ਲਈ ਲਾਇਸੈਂਸ ਜਾਰੀ ਹੋ ਸਕਦਾ ਹੈ, ਪਰ ਇਸ ਕੰਮ ’ਚ ਸੂਬਿਆਂ ਦੀ ਸਹਿਮਤੀ ਲੈਣੀ ਪਵੇਗੀ। ਕਈ ਖ਼ਾਸ ਕੰਮਾਂ ’ਚ ਮਜ਼ਦੂਰਾਂ ਦੀ ਸਪਲਾਈ ਲਈ ਖ਼ਾਸ ਲਾਇਸੈਂਸ ਦੀ ਲੋਡ਼ ਪੈਂਦੀ ਹੈ ਜਿਸ ਨੂੰ ਸੂਬਾ ਸਰਕਾਰ ਹੀ ਜਾਰੀ ਕਰੇਗੀ।

ਅਦਾਰੇ ਦੇ ਡੈਕੂਮੈਂਟਸ ਨੂੰ ਆਨਲਾਈਨ ਦੇਖ ਸਕੇਗਾ ਇੰਸਪੈਕਟਰ

ਸ਼੍ਰਮ ਸੁਵਿਧਾ ਪੋਰਟਲ 2.0 ਦੀ ਮਦਦ ਨਾਲ ਇੰਸਪੈਕਟਰ ਕਿਸੇ ਵੀ ਅਦਾਰੇ ਦੇ ਦਸਤਾਵੇਜ਼ ਆਨਲਾਈਨ ਦੇਖ ਸਕੇਗਾ ਤੇ ਅਦਾਰੇ ਨੂੰ ਨੋਟਿਸ ਵੀ ਜਾਰੀ ਕਰ ਸਕੇਗਾ। ਹਾਲਾਂਕਿ ਨਿਰੀਖਣ ਲਈ ਇੰਸਪੈਕਟਰਾਂ ਨੂੰ ਯੂਨੀਕ ਨੰਬਰ ਦਿੱਤੇ ਜਾਣਗੇ। ਉਸੇ ਤਰ੍ਹਾਂ ਅਦਾਰਿਆਂ ਨੂੰ ਵੀ ਯੂਨੀਕ ਨੰਬਰ ਅਲਾਟ ਕੀਤੇ ਜਾਣਗੇ ਤੇ ਉਸ ਨੰਬਰ ਦੇ ਆਧਾਰ ’ਤੇ ਨਿਰੀਖਣ ਕੀਤਾ ਜਾਵੇਗਾ। ਇਹ ਸਾਰਾ ਕੰਮ ਆਨਲਾਈਨ ਹੋਵੇਗਾ ਤੇ ਇੰਸਪੈਕਟਰ ਨੂੰ ਆਪਣੀ ਨਿਰੀਖਣ ਰਿਪੋਰਟ ਆਨਲਾਈਨ ਦੇਣੀ ਪਵੇਗੀ ਜਿਸ ਨੂੰ ਕਿਰਤ ਮੰਤਰਾਲਾ ਦੇਖ ਸਕੇਗਾ।