ਓਮੀਕਰੋਨ ਸਬੰਧੀ ਪੰਜਾਬ ‘ਚ ਨਵੀਆਂ ਗਾਈਡਲਾਈਨਜ਼ ਜਾਰੀ, ਪੜ੍ਹੋ ਇਹ ਅਹਿਮ ਖ਼ਬਰ

0
6025

ਚੰਡੀਗੜ੍ਹ | ਦੇਸ਼ ‘ਚ ਓਮੀਕਰੋਨ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਸਾਰੇ ਸੂਬਿਆਂ ‘ਚ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।

ਦਿੱਲੀ, ਹਰਿਆਣਾ ਸਣੇ ਕਈ ਸੂਬਿਆਂ ‘ਚ ਨਾਈਟ ਕਰਫਿਊ ਲਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸੂਬਾ ਸਰਕਾਰ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਾਜ਼ਮੀ ਕਰ ਦਿੱਤੀਆਂ ਹਨ। 

ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ‘ਚ ਐਂਟਰੀ ਲਈ ਦੋਵੇਂ ਟੀਕੇ ਲੱਗੇ ਹੋਣੇ ਚਾਹੀਦੇ ਹਨ ਤੇ ਦੋਵੇਂ ਡੋਜ਼ ਦੇ ਸਰਟੀਫਿਕੇਟ ਕੋਲ ਹੋਣਾ ਜ਼ਰੂਰੀ ਹੈ।

ਸਰਕਾਰੀ ਹੁਕਮ ਮੁਤਾਬਕ ਪੰਜਾਬ ਵਿੱਚ 15 ਜਨਵਰੀ ਤੋਂ ਜਨਤਕ ਥਾਵਾਂ ਜਿਵੇਂ ਮਾਰਕੀਟਾਂ, ਮਾਲਜ਼, ਹੋਟਲਾਂ ਤੇ ਸਿਨਮਾ ਹਾਲ ਵਿੱਚ ਕੋਵਿਡ-19 ਤੋਂ ਬਚਾਅ ਲਈ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। 

ਸਰਕਾਰ ਨੇ ਪ੍ਰਾਈਵੇਟ ਤੇ ਸਰਕਾਰੀ ਖੇਤਰ ਦੇ ਬੈਂਕਾਂ, ਹੋਟਲਾਂ, ਬਾਰ, ਰੈਸਟੋਰੈਂਟ, ਮਾਲਜ਼, ਸ਼ਾਪਿੰਗ ਕੰਪਲੈਕਸ, ਸਿਨਮਾ ਹਾਲ, ਜਿਮ ਤੇ ਫਿਟਨੈੱਸ ਸੈਂਟਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਮੁਕੰਮਲ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਹੀ ਐਂਟਰੀ ਦੀ ਇਜਾਜ਼ਤ ਦੇਣ। 

ਨਵੀਆਂ ਗਾਈਡਲਾਈਨਜ਼ ਮੁਤਾਬਕ…

1. ਸਬਜ਼ੀ ਮੰਡੀ, ਪਬਲਿਕ ਟਰਾਂਸਪੋਰਟ, ਸ਼ਾਪਿੰਗ ਕੰਪਲੈਕਸ ‘ਚ ਜ਼ਿਆਦਾ ਭੀੜ ਇਕੱਠੀ ਕਰਨ ‘ਤੇ ਮਨਾਹੀ ਹੋਵੇਗੀ।

2. ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ ‘ਚ ਉਹੀ ਲੋਕ ਦਾਖਲ ਹੋ ਸਕਦੇ ਹਨ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹਨ।

3. ਸਿਹਤ ਪ੍ਰੋਟੋਕਾਲ ਮੁਤਾਬਕ ਨਿੱਜੀ ਤੇ ਸਰਕਾਰੀ ਖੇਤਰ ਦੇ ਬੈਂਕਾਂ ਵੱਲੋਂ ਦੋਵੇਂ ਡੋਜ਼ ਵਾਲਿਆਂ ਨੂੰ ਹੀ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਆਗਿਆ ਹੋਵੇਗੀ।

ਜ਼ਿਕਰਯੋਗ ਹੈ ਕਿ ਪੰਜਾਬ ’ਚ 82 ਫ਼ੀਸਦੀ ਅਬਾਦੀ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਅੰਕੜਿਆਂ ਦੇ ਹਿਸਾਬ ਨਾਲ ਸੂਬੇ ਦੇ 1.70 ਕਰੋੜ ਲੋਕਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ।

44 ਫ਼ੀਸਦੀ ਅਬਾਦੀ ਯਾਨੀ 90 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਹੁਣ ਜਿਸ ਤਰ੍ਹਾਂ ਨਾਲ ਓਮੀਕਰੋਨ ਦਾ ਖ਼ਤਰਾ ਵਧ ਰਿਹਾ ਹੈ, ਉਸ ਨੂੰ ਵੇਖਦਿਆਂ ਵੈਕਸੀਨੇਸ਼ਨ ਦੇ ਕੰਮ ’ਚ ਤੇਜ਼ੀ ਲਿਆਉਣ ਦੀ ਉਮੀਦ ਹੈ।