ਨਵਾਂ ਫੈਸਲਾ : ਸੇਵਾ ਕੇਂਦਰ ਦੇ ਕਰਮਚਾਰੀ ਪੈਸੇ ਮੰਗਣ ਜਾਂ ਕੰਮ ਲਟਕਾਉਣ ਤਾਂ ਇੰਝ ਕਰੋ ਸ਼ਿਕਾਇਤ, ਡੀਸੀ ਕਰਨਗੇ ਜਾਂਚ

0
7959

ਜਲੰਧਰ/ਲੁਧਿਆਣਾ/ਚੰਡੀਗੜ੍ਹ | ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਗਵਰਨੈੱਸ ਰਿਫੋਰਮਸ ਨੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਮ ਇਕ ਨੋਟਿਸ ਜਾਰੀ ਕੀਤਾ ਹੈ, ਜਿਸ ‘ਚ ਸੇਵਾ ਕੇਂਦਰਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮਕਾਜ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਜਿਸ ‘ਚ ਦੱਸਿਆ ਗਿਆ ਹੈ ਕਿ ਪਿਛਲੇ ਦਿਨੀਂ ਬਠਿੰਡਾ ‘ਚ ਸੇਵਾ ਕੇਂਦਰ ਦੇ ਕਰਮਚਾਰੀ ਨੂੰ ਨੌਕਰੀ ਤੋਂ ਟਰਮਿਨੇਟ ਕਰ ਦਿੱਤਾ ਗਿਆ ਹੈ। ਉਸ ‘ਤੇ ਪੈਸੇ ਮੰਗਣ ਦਾ ਆਰੋਪ ਸੀ, ਜਦਕਿ ਸਰਵਿਸ ਆਪ੍ਰੇਟਰ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ‘ਚ ਬਿਨਾਂ ਕਿਸੇ ਜਾਂਚ ਅਤੇ ਪੁੱਛਗਿਛ ਦੇ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਕਰਮਚਾਰੀ ‘ਤੇ ਜੇਕਰ ਆਰੋਪ ਲਗਦੇ ਹਨ ਤਾਂ ਉਸ ਦੀ ਜਾਂਚ ਡੀਸੀ ਕਰੇਗਾ ਅਤੇ ਕਰਮਚਾਰੀ ‘ਤੇ ਆਰੋਪ ਸਾਬਿਤ ਹੋਣ ‘ਤੇ ਉਸ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਨੋਟੀਫਿਕੇਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਕਰਮਚਾਰੀ ‘ਤੇ ਜੋ ਵੀ ਆਰੋਪ ਲਗਾਏ ਜਾਂਦੇ ਹਨ, ਉਸ ਲਈ ਸ਼ਿਕਾਇਤਕਰਤਾ ਨੂੰ ਐਫੀਡੇਵਿਟ ਦੇਣਾ ਹੋਵੇਗਾ।

ਜ਼ਿਲੇ ਦੇ ਸੇਵਾ ਕੇਂਦਰਾਂ ਦੇ ਕੰਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਹਾਇਕ ਕਮਿਸ਼ਨਰ ਪੀਸੀਐਸ ਪੰਕਜ ਬਾਂਸਲ ਦਾ ਕਹਿਣਾ ਹੈ ਕਿ ਅਸੀਂ ਜ਼ਿਲੇ ‘ਚ ਚਲ ਰਹੇ ਹਰ ਸੇਵਾ ਕੇਂਦਰ ਦੀ ਨਿਗਰਾਨੀ ਕਰ ਰਹੇ ਹਾਂ, ਜਿਸ ਲਈ ਵਖ ਤੋਂ ਸਿਸਟਮ ਤਿਆਰ ਕੀਤਾ ਗਿਆ ਹੈ। ਜਿਸ ਵੀ ਵਿਭਾਗ ਸੰਬੰਧੀ ਸਰਵਿਸ ਲਈ ਵਿਅਕਤੀ ਵਲੋਂ ਆਵੇਦਨ ਕੀਤਾ ਜਾ ਰਿਹਾ ਹੈ, ਉਸਦੀ ਪੂਰੀ ਨਿਗਰਾਨੀ ਕੀਤਾ ਜਾ ਰਹੀ ਹੈ। ਜੇਕਰ ਕੋਈ ਕਰਮਚਾਰੀ ਗਲਤੀ ਕਰਦਾ ਹੈ ਜਾਂ ਕੰਮ ਨੂੰ ਲਟਕਾਉਂਦਾ ਹੈ ਤਾਂ ਸਬੰਧਿਤ ਕਰਮਚਾਰੀ ਨੂੰ ਜੁਰਮਾਨਾ ਵੀ ਲਗਾਇਆ ਜਾਂਦਾ ਹੈ।