ਪੁਰਾਣੇ ਝਗੜੇ ਦੀ ਰੰਜਿਸ਼ ਕਾਰਨ ਗੁਆਂਢੀਆਂ ਨੇ ਪਰਿਵਾਰ ‘ਤੇ ਕੀਤਾ ਜਾਨਲੇਵਾ ਹਮਲਾ, ਬਜ਼ੁਰਗ ਸਣੇ 3 ਗੰਭੀਰ ਜ਼ਖਮੀ

0
725
ਫਾਜ਼ਿਲਕਾ, 13 ਫਰਵਰੀ | ਜ਼ਿਲੇ ਦੇ ਅਬੋਹਰ ਵਿਚ ਸਥਿਤ ਪਿੰਡ ਧਰਾਂਗਵਾਲਾ ਵਿਚ ਇੱਕ ਪਰਿਵਾਰਕ ਝਗੜੇ ਨੇ ਹਿੰਸਕ ਰੂਪ ਲੈ ਲਿਆ ਹੈ। ਪੁਰਾਣੀ ਰੰਜਿਸ਼ ਦੇ ਚੱਲਦਿਆਂ ਗੁਆਂਢੀਆਂ ਨੇ ਪਰਿਵਾਰ ‘ਤੇ ਕੀਤਾ ਜਾਨਲੇਵਾ ਹਮਲਾ ਕੀਤਾ, ਜਿਸ ਵਿਚ 65 ਸਾਲਾ ਬਜ਼ੁਰਗ ਔਰਤ ਗੁੱਡੀ ਦੇਵੀ, ਉਸ ਦੀ ਨੂੰਹ ਮਾਇਆ ਰਾਣੀ ਤੇ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਏ। ਮਾਮਲੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਗੁੱਡੀ ਦੇਵੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗਲੀ ‘ਚ ਬੈਠਣ ਨੂੰ ਲੈ ਕੇ ਉਸ ਦੇ ਪੋਤੇ ਅਤੇ ਗੁਆਂਢੀਆਂ ਵਿਚਕਾਰ ਝਗੜਾ ਹੋ ਗਿਆ ਸੀ, ਜਿਸ ਦਾ ਪੰਚਾਇਤ ਰਾਹੀਂ ਨਿਪਟਾਰਾ ਕੀਤਾ ਗਿਆ। ਅੱਜ ਜਦੋਂ ਉਸ ਦਾ ਲੜਕਾ ਰਮੇਸ਼ ਕੁਮਾਰ ਆਪਣੇ ਬੱਚਿਆਂ ਲਈ ਸਾਮਾਨ ਲੈਣ ਦੁਕਾਨ ’ਤੇ ਜਾ ਰਿਹਾ ਸੀ ਤਾਂ ਗੁਆਂਢੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ।
ਰੌਲਾ ਸੁਣ ਕੇ ਗੁੱਡੀ ਦੇਵੀ, ਉਸ ਦੀ ਨੂੰਹ ਮਾਇਆ ਰਾਣੀ ਅਤੇ ਇਕ ਹੋਰ ਪੁੱਤਰ ਉਨ੍ਹਾਂ ਨੂੰ ਛੁਡਾਉਣ ਲਈ ਭੱਜੇ ਤਾਂ ਮੁਲਜ਼ਮਾਂ ਨੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਗਲੀ ਦੀਆਂ ਇੰਟਰਲਾਕਿੰਗ ਟਾਈਲਾਂ ’ਤੇ ਸੁੱਟ ਕੇ ਸਾਰਿਆਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਸਾਰੇ ਜ਼ਖਮੀ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸਥਾਨਕ ਪੁਲਿਸ ਸ਼ਿਕਾਇਤ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ।