ਸਿੱਧੂ ਮੂਸੇਵਾਲਾ ਦੇ ਕਤਲ ‘ਚ ਆਇਆ ਗੁਆਂਢੀਆਂ ਦਾ ਵੀ ਨਾਂ, ਪਿਤਾ ਦੀ ਸ਼ਿਕਾਇਤ ‘ਤੇ ਪੰਜ ਨਾਮਜ਼ਦ

0
2856

ਮਾਨਸਾ | ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਪੰਜ ਹੋਰ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਾਰਿਆਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਜਾਣਕਾਰੀ ਅਨੁਸਾਰ ਪੁਲਿਸ ਨੇ ਜਿਨ੍ਹਾਂ ਪੰਜ ਹੋਰ ਵਿਅਕਤੀਆਂ ਦੇ ਨਾਮ ਲਏ ਹਨ, ਉਨ੍ਹਾਂ ਵਿੱਚ ਜੀਵਨ ਜੋਤ, ਕੰਵਰਪਾਲ, ਅਵਤਾਰ ਸਿੰਘ, ਜਗਤਾਰ ਸਿੰਘ ਅਤੇ ਜੋਤੀ ਸ਼ਾਮਲ ਹਨ।
ਅਵਤਾਰ ਸਿੰਘ ਅਤੇ ਜਗਤਾਰ ਸਿੰਘ ਸਿੱਧੂ ਮੂਸੇਵਾਲਾ ਦੇ ਗੁਆਂਢੀ ਹਨ। ਉਨ੍ਹਾਂ ਦਾ ਘਰ ਮੂਸੇਵਾਲਾ ਦੀ ਹਵੇਲੀ ਦੇ ਕੋਲ ਹੈ। ਇਹ ਦੋਵੇਂ ਸੰਗੀਤ ਜਗਤ ਨਾਲ ਵੀ ਜੁੜੇ ਹੋਏ ਹਨ। ਪੁਲਿਸ ਨੇ ਇਨ੍ਹਾਂ ਖ਼ਿਲਾਫ਼ ਧਾਰਾ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ।
ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਦੱਸਿਆ ਹੈ। 15 ਤੋਂ ਵੱਧ ਮੁਲਜ਼ਮਾਂ ਵਿੱਚ ਪੰਜ ਵੱਡੇ ਗੈਂਗਸਟਰ ਸ਼ਾਮਲ ਹਨ। ਪੁਲਿਸ ਨੇ 40 ਗਵਾਹਾਂ ਵਿੱਚ ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਨਾਵਾਂ ਸਮੇਤ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਲਿਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 31 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 22 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਨਾਮਜ਼ਦ ਕੀਤੇ ਗਏ ਪੰਜ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪੁਲਿਸ ਦੀ ਚਾਰਜਸ਼ੀਟ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਮਨਮੋਹਨ ਮੋਹਨਾ, ਦੀਪਕ ਟੀਨੂੰ, ਸੰਦੀਪ ਕੇਕੜਾ, ਅੰਕਿਤ ਸਿਰਸਾ, ਪ੍ਰਿਅਵਰਤ ਫੌਜੀ, ਸਚਿਨ ਭਿਵਾਨੀ, ਕੇਸ਼ਵ, ਕਸ਼ਿਸ਼, ਮਨਪ੍ਰੀਤ ਮਨੂੰ, ਜਗਰੂਪਾ ਰੂਪਾ, ਫਰਾਰ ਸ਼ੂਟਰ ਦੀਪਕ ਮੁੰਡੀ, ਮਨਪ੍ਰੀਤ ਭਾਊ ਦਾ ਨਾਂ ਸ਼ਾਮਲ ਹੈ। ਪੁਲਿਸ ਨੇ ਕੁਝ ਅਜਿਹੇ ਮੁਲਜ਼ਮ ਵੀ ਸ਼ਾਮਲ ਕੀਤੇ ਹਨ ਜੋ ਇਸ ਵੇਲੇ ਜੇਲ੍ਹਾਂ ਵਿੱਚ ਬੰਦ ਹਨ।

ਫੋਰੈਂਸਿਕ ਰਿਪੋਰਟ, ਪੋਸਟਮਾਰਟਮ ਰਿਪੋਰਟ, ਬਰਾਮਦ ਹੋਏ ਹਥਿਆਰ, ਬਰਾਮਦ ਹੋਏ ਕਾਰਤੂਸ, ਗੱਡੀ, ਖੂਨ ਦੇ ਸੈਂਪਲ, ਮੁਲਜ਼ਮਾਂ ਦੇ ਮੈਡੀਕਲ ਸੈਂਪਲ, ਮੌਕੇ ਦੇ ਕਈ ਸੀਸੀਟੀਵੀ ਫੁਟੇਜ ਨੂੰ ਸਬੂਤ ਵਜੋਂ ਇਸ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਟਲਾਂ ਦੀ ਸੀਸੀਟੀਵੀ ਫੁਟੇਜ, ਜਿਥੇ ਸ਼ੂਟਰ ਠਹਿਰੇ ਸਨ, ਨੂੰ ਵੀ ਸਬੂਤਾਂ ਦਾ ਹਿੱਸਾ ਬਣਾਇਆ ਗਿਆ ਹੈ।