NCERT ਦਾ ਵੱਡਾ ਬਦਲਾਅ : 10ਵੀਂ ਦੀ ਕਿਤਾਬ ‘ਚੋਂ ਹਟਾਇਆ ਲੋਕਤੰਤਰ ਨਾਲ ਜੁੜਿਆ ਚੈਪਟਰ

0
903

ਨਵੀਂ ਦਿੱਲੀ| ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (ਐਨਸੀਈਆਰਟੀ) ਨੇ 10ਵੀਂ ਜਮਾਤ ਦੀਆਂ ਪਾਠ ਪੁਸਤਕਾਂ ਵਿੱਚੋਂ ਕਈ ਚੈਪਟਰ ਹਟਾ ਦਿੱਤੇ ਹਨ। ਇਹ ਅਧਿਆਏ ਲੋਕਤੰਤਰ, ਸਿਆਸੀ ਪਾਰਟੀਆਂ ਨਾਲ ਜੁੜੇ ਹੋਏ ਸਨ। ਦਸਵੀਂ ਜਮਾਤ ਦੇ ਸਮਾਜਿਕ ਵਿਗਿਆਨ ਦੀ ਡੈਮੋਕਰੇਟਿਕ ਪਾਲੀਟਿਕਸ ਬੁੱਕ-2 ਵਿੱਚੋਂ ਚੈਪਟਰ ਹਟਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਚੈਪਟਰਾਂ ਦੇ ਨਾਂ ਹਨ ਲੋਕਤੰਤਰ ਅਤੇ ਵੰਨ-ਸੁਵੰਤਨਾ, ਸਿਆਸੀ ਪਾਰਟੀਆਂ ਅਤੇ ਲੋਕਤੰਤਰ ਨੂੰ ਚੁਣੌਤੀਆਂ ਹਨ। ਇਸ ਤੋਂ ਇਲਾਵਾ NCERT ਨੇ 10ਵੀਂ ਜਮਾਤ ਦੀ ਸਾਇੰਸ ਦੀ ਕਿਤਾਬ ਵਿੱਚੋਂ ਪੀਰੀਓਡਿਕ ਟੇਬਲ ਨੂੰ ਵੀ ਹਟਾ ਦਿੱਤਾ ਹੈ।

NCERT ਦੀਆਂ ਕਿਤਾਬਾਂ ਤੋਂ ਵੱਖ-ਵੱਖ ਚੈਪਟਰ ਹਟਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਈ ਮਾਹਿਰਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਦਰਅਸਲ, ਕੋਵਿਡ ਮਹਾਮਾਰੀ ਦੇ ਦੌਰਾਨ, ਐਨਸੀਈਆਰਟੀ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬੋਝ ਨੂੰ ਘਟਾਉਣ ਲਈ ਵੱਖ-ਵੱਖ ਚੈਪਟਰਾਂ ਨੂੰ ਹਟਾ ਦਿੱਤਾ ਸੀ। ਹੁਣ ਇਸ ਨੂੰ ਪੱਕੇ ਤੌਰ ‘ਤੇ ਹਟਾ ਦਿੱਤਾ ਗਿਆ ਹੈ। ਵਿਗਿਆਨੀਆਂ ਅਤੇ ਅਧਿਆਪਕਾਂ ਨੇ 10ਵੀਂ ਜਮਾਤ ਦੇ ਸਿਲੇਬਸ ਵਿੱਚੋਂ ਮਹੱਤਵਪੂਰਨ ਚੈਪਟਰਾਂ ਨੂੰ ਹਟਾਉਣ ਦੇ ਲੰਮੇ ਸਮੇਂ ਦੇ ਪ੍ਰਭਾਵ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

NCERT ਦੁਆਰਾ ਅਕਾਦਮਿਕ ਸਾਲ 2022-23 ਲਈ ਇੱਕ ਸੋਧਿਆ ਸਿਲੇਬਸ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਕਲਾਸ 6 ਤੋਂ 12 ਤੱਕ ਦੇ 30 ਫੀਸਦੀ ਸਿਲੇਬਸ ਨੂੰ ਹਟਾ ਦਿੱਤਾ ਗਿਆ ਸੀ। ਹੁਣ, ਇਸ ਨੂੰ ਸਥਾਈ ਬਣਾ ਦਿੱਤਾ ਗਿਆ ਹੈ। 2014 ਤੋਂ NCERT ਨੇ ਤਿੰਨ ਸਿਲੇਬਸ ਸੰਸ਼ੋਧਨ ਕੀਤੇ ਹਨ – 2017, 2019 ਅਤੇ 2021 ਵਿੱਚ। ਇਸ ਤੋਂ ਪਹਿਲਾਂ ਅਪ੍ਰੈਲ ਵਿੱਚ NCERT ਨੇ 9ਵੀਂ ਅਤੇ 10ਵੀਂ ਜਮਾਤ ਦੀਆਂ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚੋਂ ਚਾਰਲਸ ਡਾਰਵਿਨ ਦੇ ਵਿਕਾਸ ਦੇ ਸਿਧਾਂਤ ਨੂੰ ਹਟਾਉਣ ਦਾ ਫੈਸਲਾ ਵੀ ਕੀਤਾ ਸੀ। ਉਦੋਂ ਕਾਫੀ ਵਿਵਾਦ ਹੋਇਆ ਸੀ।