ਨਵਜੋਤ ਸਿੱਧੂ ਨੇ ਮੁੜ ਜਤਾਇਆ ‘ਜਾਨ ਨੂੰ ਖ਼ਤਰੇ’ ਦਾ ਡਰ, ਵੀਡੀਓ ਕਾਨਫਰੰਸ ਰਾਹੀਂ ਬਿਆਨ ਦਰਜ ਕਰਵਾਉਣ ਦੀ ਮੰਗੀ ਇਜਾਜ਼ਤ

0
1027

ਪਟਿਆਲਾ। ਇਸ ਵੇਲੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਦੀ ਇੱਕ ਸਥਾਨਕ ਅਦਾਲਤ ਵਿੱਚ ਇੱਕ ਹੋਰ ਅਰਜ਼ੀ ਦਾਇਰ ਕੀਤੀ, ਜਿਸ ਵਿੱਚ ਦਲੀਲ ਦਿੱਤੀ ਗਈ ਕਿ ਸਿੱਧੂ ਦੀ ‘ਜਾਨ ਨੂੰ ਖਤਰੇ ਨੂੰ ਧਿਆਨ ਵਿੱਚ ਰੱਖਦੇ ਹੋਏ’, ਉਨ੍ਹਾਂ ਦੀ ਪਾਰਟੀ ਦੇ ਇੱਕ ਹੋਰ ਆਗੂ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਇੱਕ ਮਾਮਲੇ ਵਿੱਚ ਗਵਾਹ ਵਜੋਂ ਉਨ੍ਹਾਂ ਦਾ ਬਿਆਨ ਵੀਡੀਓ-ਕਾਨਫਰੰਸਿੰਗ ਰਾਹੀਂ ਦਰਜ ਕੀਤਾ ਜਾਵੇ।

ਆਸ਼ੂ ਖ਼ਿਲਾਫ਼ ਮਾਮਲਾ ਦਰਅਸਲ ਇੱਕ ਜ਼ਮੀਨ ਨਾਲ ਜੁੜੇ ਘੁਟਾਲੇ ਨਾਲ ਸੰਬੰਧਤ ਹੈ। ਇਸ ਤੋਂ ਪਹਿਲਾਂ, ਸਿੱਧੂ ਵੱਲੋਂ ਦਾਇਰ ਅਜਿਹੀਆਂ ਤਿੰਨ ਪਟੀਸ਼ਨਾਂ ਖਾਰਜ ਕੀਤੀਆਂ ਜਾ ਚੁੱਕੀਆਂ ਹਨ – ਦੋ ਹੇਠਲੀ ਅਦਾਲਤ ਦੁਆਰਾ ਅਤੇ ਰੀਵੀਜ਼ਨ ਪਟੀਸ਼ਨ ਸੈਸ਼ਨ ਅਦਾਲਤ ਦੁਆਰਾ ।

ਇਸ ਤੋਂ ਪਹਿਲਾਂ ਦੀਆਂ ਪਟੀਸ਼ਨਾਂ ਵਿੱਚ ਵੀ ਸਿੱਧੂ ਨੇ ਮਾਮਲੇ ਵਿੱਚ ਗਵਾਹ ਵਜੋਂ ਪੇਸ਼ ਹੋਣ ਤੋਂ ਇਨਕਾਰ ਕਰਦੇ ਹੋਏ ‘ਜਾਨ ਨੂੰ ਖਤਰੇ’ ਅਤੇ ‘ਪੰਜਾਬ ਸਰਕਾਰ ਨਾਲ ਕੋਈ ਅਧਿਕਾਰਤ ਸਬੰਧ’ ਨਾ ਹੋਣ ਦਾ ਹਵਾਲਾ ਦਿੱਤਾ ਸੀ। ਇਹ ਵੀ ਕਿਹਾ ਗਿਆ ਸੀ ਕਿ ਜੇ ਲੋੜ ਪਈ ਤਾਂ ਉਸ ਦਾ ਬਿਆਨ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਿਕਾਰਡ ਕੀਤਾ ਜਾ ਸਕਦਾ ਹੈ, ਪਰ ਉਹ ਅਦਾਲਤ ਵਿਚ ਸਰੀਰਕ ਤੌਰ ‘ਤੇ ਪੇਸ਼ ਨਹੀਂ ਹੋ ਸਕਦਾ।

ਹਾਲਾਂਕਿ, ਪਟੀਸ਼ਨਾਂ ਨੂੰ ਖਾਰਜ ਕਰਦੇ ਹੋਏ, ਅਦਾਲਤ ਨੇ ਕਿਹਾ ਸੀ ਕਿ ‘ਮਾਮਲੇ ਨੂੰ ਸਹੀ ਨਜ਼ਰੀਏ ਤੋਂ ਦੇਖਣ ਲਈ ਸਿੱਧੂ ਦੀ ਮੌਜੂਦਗੀ ਜ਼ਰੂਰੀ ਸੀ।’ ਸਿੱਧੂ ਅਤੇ ਆਸ਼ੂ ਦੋਵੇਂ ਇਸ ਵੇਲੇ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ।