ਮੋਗਾ, 15 ਫਰਵਰੀ | ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਇੱਕ ਗਰਭਵਤੀ ਔਰਤ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਇਹ ਘਟਨਾ ਬੀਤੀ ਸ਼ਾਮ ਉਸ ਸਮੇਂ ਵਾਪਰੀ ਜਦੋਂ ਪਿੰਡ ਨਿਧਾਵਾਲਾ ਵਾਸੀ ਬਲਕਾਰ ਸਿੰਘ (35) ਅਤੇ ਉਸ ਦੀ ਪਤਨੀ ਲਵਜੀਤ ਕੌਰ (32) ਇੱਕ ਵਿਆਹ ਸਮਾਗਮ ਦੀ ਖਰੀਦਦਾਰੀ ਕਰ ਕੇ ਮੋਗਾ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ।
ਘੱਲ ਕਲਾਂ ਅਤੇ ਡਰੋਲੀ ਵਿਚਕਾਰ ਸਥਿਤ ਪੈਟਰੋਲ ਪੰਪ ਨੇੜੇ ਬਾਬਾ ਲੱਖਾ ਸਿੰਘ ਵਾਸੀ ਨਾਨਕਸਰ ਕਲੇਰਾਂ ਦੀ ਤੇਜ਼ ਰਫਤਾਰ ਫਾਰਚੂਨਰ ਨੇ ਜੋੜੇ ਦੀ ਸਕੂਟੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰ ਮਹੀਨਿਆਂ ਦੀ ਗਰਭਵਤੀ ਲਵਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੰਭੀਰ ਜ਼ਖ਼ਮੀ ਬਲਕਾਰ ਸਿੰਘ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਦੇਰ ਰਾਤ ਉਸ ਦੀ ਵੀ ਮੌਤ ਹੋ ਗਈ।
ਘਟਨਾ ਦੇ ਸਮੇਂ ਬਾਬਾ ਲੱਖਾ ਸਿੰਘ ਆਪਣੇ ਕਾਫਲੇ ਨਾਲ ਫ਼ਿਰੋਜ਼ਪੁਰ ਸਾਹਿਬ ਵੱਲ ਜਾ ਰਹੇ ਸਨ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਧਰਨਾ ਦਿੱਤਾ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਬਾਬਾ ਲੱਖਾ ਸਿੰਘ ਅਤੇ ਉਸ ਦੇ ਸਾਥੀ ਧਰਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਦੀ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।






































