ਅਮਰੀਕਾ ਤੋਂ ਆਈ ਮੁਸਕਾਨ ਨੇ ਦੱਸੀ ਆਪਣੀ ਦੁੱਖ ਭਰੀ ਕਹਾਣੀ, ਕਿਹਾ- ਮੈਕਸੀਕੋ ਬਾਰ਼ਡਰ ਨੇੜੇ ਘੁੰਮਣ ਦੀ ਮਿਲੀ ਸਜ਼ਾ, 2 ਸਾਲ ਦਾ ਵੀਜ਼ਾ ਸੀ ਪੈਂਡਿੰਗ

0
893

ਲੁਧਿਆਣਾ, 7 ਜਨਵਰੀ | ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਵਿਚ ਪੰਜਾਬ ਦੇ ਲੁਧਿਆਣਾ ਦੇ ਜਗਰਾਉਂ ਸ਼ਹਿਰ ਦੀ ਮੁਸਕਾਨ ਵੀ ਸ਼ਾਮਲ ਹੈ। ਮੁਸਕਾਨ ਨੂੰ ਅਮਰੀਕੀ ਸੈਨਿਕਾਂ ਨੇ ਅਮਰੀਕਾ-ਮੈਕਸੀਕੋ ਸਰਹੱਦ ਨੇੜੇ ਦੀਵਾਰ ਤੋਂ ਫੜ ਲਿਆ ਸੀ। 10 ਦਿਨਾਂ ਤੱਕ ਫੌਜੀ ਕੈਂਪ ਵਿਚ ਰੱਖਣ ਤੋਂ ਬਾਅਦ ਉਸ ਨੂੰ 104 ਲੋਕਾਂ ਸਮੇਤ ਭਾਰਤ ਭੇਜ ਦਿੱਤਾ ਗਿਆ।

ਮੁਸਕਾਨ ਦੇ ਪਰਿਵਾਰ ਨੇ ਜ਼ਮੀਨ ਵੇਚ ਕੇ ਅਤੇ ਕਰਜ਼ਾ ਲੈ ਕੇ ਲਗਭਗ 45 ਲੱਖ ਰੁਪਏ ਖਰਚ ਕਰਨ ਤੋਂ ਬਾਅਦ ਮੁਸਕਾਨ ਨੂੰ 5 ਜਨਵਰੀ, 2024 ਨੂੰ ਇੰਗਲੈਂਡ ਭੇਜ ਦਿੱਤਾ, ਜਿਥੇ ਉਸ ਨੇ ਸੀਯੂ ਯੂਨੀਵਰਸਿਟੀ ਵਿਚ ਵਪਾਰ ਪ੍ਰਬੰਧਨ ਦੀ ਪੜ੍ਹਾਈ ਕੀਤੀ।

ਜਦੋਂ ਵੀ ਹਫ਼ਤੇ ਵਿਚ ਕੁਝ ਸਮਾਂ ਬਚਦਾ ਤਾਂ ਉਹ ਕਿਸੇ ਹੋਟਲ ਵਿਚ ਕੰਮ ਕਰ ਲੈਂਦੀ। ਫਿਲਹਾਲ ਮੁਸਕਾਨ ਦਾ ਵੀਜ਼ਾ ਲਗਭਗ 2 ਸਾਲਾਂ ਤੋਂ ਪੈਂਡਿੰਗ ਹੈ। ਮੁਸਕਾਨ ਜਹਾਜ਼ ਰਾਹੀਂ ਟਿਜੁਆਨਾ, ਮੈਕਸੀਕੋ ਗਈ ਸੀ। ਟਿਜੁਆਨਾ ਤੋਂ ਜਹਾਜ਼ ਤੋਂ ਉਤਰਨ ਤੋਂ ਬਾਅਦ ਉਸ ਨੇ ਕੋਰੋਨਾ ਟੈਸਟ ਅਤੇ ਹੋਰ ਸਾਰੀਆਂ ਰਸਮਾਂ ਕੀਤੀਆਂ। ਮੈਕਸੀਕੋ ਬਾਰਡਰ ‘ਤੇ ਉਸ ਨੂੰ ਅਮਰੀਕੀ ਸੈਨਿਕਾਂ ਨੇ ਸਰਹੱਦ ਪਾਰ ਕਰਨ ਦੇ ਮਾਮਲੇ ‘ਚ 40 ਲੋਕਾਂ ਸਮੇਤ ਫੜ ਲਿਆ ਸੀ।

ਅਮਰੀਕੀ ਫ਼ੌਜੀ ਸਾਰੇ ਲੋਕਾਂ ਦੇ ਹੱਥ ਬੰਨ੍ਹ ਕੇ ਫ਼ੌਜੀ ਕੈਂਪ ਵਿਚ ਲੈ ਗਏ। ਜਿਥੇ ਉਸ ਨੂੰ 10 ਦਿਨਾਂ ਤੱਕ ਰੱਖਿਆ ਗਿਆ। ਅਮਰੀਕੀ ਸੈਨਿਕਾਂ ਨੇ ਬਿਨਾਂ ਕੁਝ ਦੱਸੇ ਉਸ ਨੂੰ 5 ਫਰਵਰੀ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਛੱਡ ਦਿੱਤਾ। ਹੁਣ ਮੁਸਕਾਨ ਦੇ ਘਰ ਪਰਤਣ ਤੋਂ ਬਾਅਦ ਪਰਿਵਾਰ ਸਦਮੇ ‘ਚ ਹੈ।

ਮੁਸਕਾਨ ਦੇ ਪਰਿਵਾਰ ਵਿਚ ਤਿੰਨ ਛੋਟੀਆਂ ਭੈਣਾਂ ਹਨ। ਉਹ ਪਰਿਵਾਰ ਵਿਚ ਸਭ ਤੋਂ ਵੱਡੀ ਹੈ। ਪਰਿਵਾਰ ਨੂੰ ਉਮੀਦ ਸੀ ਕਿ ਮੁਸਕਾਨ ਵਿਦੇਸ਼ ਵਿਚ ਸੈਟਲ ਹੋਣ ਤੋਂ ਬਾਅਦ, ਉਹ ਆਪਣੀਆਂ ਛੋਟੀਆਂ ਭੈਣਾਂ ਨੂੰ ਬੁਲਾਏਗੀ ਪਰ ਟਰੰਪ ਸਰਕਾਰ ਨੇ ਪਰਿਵਾਰ ਦੇ ਸੁਪਨੇ ਤੋੜ ਦਿੱਤੇ। ਗੱਲਬਾਤ ਦੌਰਾਨ ਮੁਸਕਾਨ ਨੇ ਮਿਲਟਰੀ ਕੈਂਪ ‘ਚ 10 ਦਿਨਾਂ ਦਾ ਸਫ਼ਰ ਅਤੇ 40 ਘੰਟਿਆਂ ਦੀ ਉਡਾਣ ਸਾਂਝੀ ਕੀਤੀ।