ਅਮਰੀਕਾ ਤੋਂ ਅਗਵਾ ਹੋਏ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਦਾ ਕਤਲ, ਦੋਸ਼ੀ ਗ੍ਰਿਫਤਾਰ

0
1603

ਅਮਰੀਕਾ ਦੇ ਕੈਲੀਫੋਰਨੀਆ ਤੋਂ ਅਗਵਾ ਹੋਏ ਹੁਸ਼ਿਆਰਪੁਰ ਦੇ ਪੰਜਾਬੀ ਪਰਿਵਾਰ ਦੇ ਚਾਰ ਜੀਆਂ, ਜਿਨ੍ਹਾਂ ਵਿਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਲ ਸਨ, ਨੂੰ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਨੇ ਇਸ ਅਗਵਾ ਅਤੇ ਕਤਲ ਮਾਮਲੇ ਵਿੱਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਜੀਸਸ ਮੈਨੁਅਲ ਸਲਗਾਡੋ (48 ਸਾਲ) ਵਜੋਂ ਹੋਈ। ਪੁਲਿਸ ਨੇ ਜਦੋਂ ਉਸ ਨੂੰ ਫੜ ਲਿਆ ਤਾਂ ਸਲਗਾਡੋ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ।

ਅਮਰੀਕੀ ਪੁਲਿਸ ਵੱਲੋਂ ਅਗਵਾਕਾਰ ਨੂੰ ਫੜੇ ਜਾਣ ਬਾਰੇ ਜਾਣਕਾਰੀ ਦਿੰਦਿਆਂ ਮਰਸਡ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ ‘ਤੇ ਦੱਸਿਆ ਕਿ ਮੁਲਜ਼ਮ 4 ਅਕਤੂਬਰ ਦੀ ਸਵੇਰ ਨੂੰ ਐਟਵਾਟਰ ਸ਼ਹਿਰ ਦੇ ਇੱਕ ਬੈਂਕ ਵਿੱਚ ਸਥਿਤ ਇੱਕ ਏ.ਟੀ.ਐਮ ਤੋਂ ਪੀੜਤ ਦੇ ਏ.ਟੀ.ਐਮ ਕਾਰਡਾਂ ਦੀ ਵਰਤੋਂ ਕਰਦੇ ਪਾਇਆ ਗਿਆ। ਸੀਸੀਟੀਵੀ ਫੁਟੇਜ ਤੋਂ ਪਤਾ ਚੱਲਦਾ ਹੈ ਕਿ ਏਟੀਐਮ ਦੀ ਵਰਤੋਂ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ ਜੁਲਦਾ ਹੈ।

ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਤੋਂ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਨੂੰ ਅਗਵਾ ਕਰ ਲਿਆ ਗਿਆ ਸੀ। ਇਨ੍ਹਾਂ ਵਿਚ ਅੱਠ ਮਹੀਨੇ ਦੀ ਬੱਚੀ ਤੇ ਉਸ ਦੇ ਮਾਪੇ ਸ਼ਾਮਲ ਸਨ। ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਬਿਆਨ ਵਿਚ ਕਿਹਾ ਕਿ ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਹੈ, ਉਨ੍ਹਾਂ ਵਿਚ 36 ਸਾਲਾ ਜਸਦੀਪ ਸਿੰਘ, 27 ਸਾਲਾ ਜਸਲੀਨ ਕੌਰ, ਉਨ੍ਹਾਂ ਦੀ ਅੱਠ ਮਹੀਨੇ ਦੀ ਬੱਚੀ ਅਰੂਹੀ ਤੇ 39 ਸਾਲਾ ਅਮਨਦੀਪ ਸਿੰਘ ਨੂੰ ਸ਼ਾਮਲ ਸਨ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਪਰਿਵਾਰ ਦੇ ਚਾਰੇ ਮੈਂਬਰਾਂ ਨੂੰ ਜਬਰਦਸਤੀ ਰਾਜਮਾਰਗ 59 ਦੇ 800 ਬਲਾਕ ‘ਚ ਇੱਕ ਘਰ ਤੋਂ ਕਿਡਨੈਪ ਕੀਤਾ ਗਿਆ ਸੀ।