ਨਗਰ ਨਿਗਮ ਚੋਣਾਂ : ਕਾਂਗਰਸ ਤੋਂ ਨਿਰਾਸ਼ ਚੱਲ ਰਹੇ ਟਕਸਾਲੀ ਨੇਤਾਵਾਂ ‘ਤੇ ਭਾਜਪਾ ਪਾ ਰਹੀ ਡੋਰੇ

0
829

ਜਲੰਧਰ/ਲੁਧਿਆਣਾ/ਅੰਮ੍ਰਿਤਸਰ | 3-3 ਦਹਾਕਿਆਂ ਤਕ ਪੰਜਾਬ ‘ਚ ਝੰਡਾਬਰਦਾਰ ਰਹੇ ਟਕਸਾਲੀ ਲੀਡਰਾਂ ਦਾ ਦਰਦ ਕਿਸੇ ਤੋਂ ਛੁਪਿਆ ਨਹੀਂ ਹੈ। 8 ਮਹੀਨੇ ਪਹਿਲਾਂ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਅੰਦਰ ਰਹਿ ਕੇ ਕਈ ਨੇਤਾਵਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤੇ ਮੌਕਾ ਮਿਲਦੇ ਹੀ ਆਪ ‘ਚ ਸ਼ਾਮਲ ਹੋ ਗਏ। ਇਸ ਦੇ ਬਾਵਜੂਦ ਟਕਸਾਲੀ ਨੇਤਾ ਕਾਂਗਰਸ ਦਾ ਝੰਡਾ ਚੁੱਕ ਕੇ ਘੁੰਮ ਰਹੇ ਹਨ ਪਰ ਉਨ੍ਹਾਂ ਦਾ ਦਰਦ ਅਜੇ ਵੀ ਦਿਖ ਰਿਹਾ ਹੈ।
ਟਕਸਾਲੀ ਕਾਂਗਰਸੀ ਨੇਤਾਵਾਂ ਦੇ ਦਰਦ ਦਾ ਫਾਇਦਾ ਚੁੱਕਣ ਲਈ ਭਾਜਪਾ ਨੇਤਾਵਾਂ ਨੇ ਉਨ੍ਹਾਂ ‘ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਪਾਰਟੀ ਵਿਚ ਵੱਡੇ ਅਹੁੱਦੇ ਦਿੱਤੇ ਜਾਣ ਦੇ ਵਾਅਦੇ ਕੀਤੇ ਜਾ ਰਹੇ ਹਨ। ਵਿਧਾਨਸਭਾ ਚੋਣਾਂ ਦੌਰਾਨ ਨਾਰਥ ਵਿਧਾਨਸਭਾ ਹਲਕੇ ਵਿਚ ਕਾਂਗਰਸ ਵਿਚ ਹੋਈ ਬਗਾਵਤ ਸਭ ਦੇ ਸਾਹਮਣੇ ਹੈ ਤੇ ਕਈ ਕੌਂਸਲਰ ਖੁੱਲ੍ਹ ਕੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਐਲਾਨ ਕਰ ਰਹੇ ਹਨ ਤੇ ਇਨ੍ਹਾਂ ਕੌਂਸਲਰਾਂ ਨੇ ਆਪਸ ਵਿਚ ਵਾਅਦਾ ਤਕ ਕੀਤਾ ਸੀ ਕਿ ਇਨ੍ਹਾਂ ਵਿਚੋਂ ਟਿਕਟ ਕਿਸੇ ਨੂੰ ਵੀ ਮਿਲੇ ਪਰ ਸਭ ਮਿਲ ਕੇ ਸਾਥ ਰਹਿਣਗੇ।

ਇਨ੍ਹਾਂ ਮੌਕਿਆਂ ‘ਤੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣਾਂ ਲ਼ੜਨ ਦਾ ਦਾਅਵਾ ਕਰਨ ਵਾਲੇ ਨੇਤਾ ਜੋਗਿੰਦਰਪਾਲ ਸ਼ਰਮਾ ਨੂੰ ਟਿਕਟ ਨਾ ਦੇ ਕੇ ਇਕ ਹੋਰ ਨੇਤਾ ਨੂੰ ਦਿੱਤੇ ਜਾਣ ‘ਤੇ ਆਪ ਦੀ ਟਿਕਟ ਦਾ ਦਾਅਵਾ ਕਰਨ ਵਾਲੇ ਕੌਂਸਲਰ ਖਿੱਲਰ ਗਏ ਹਨ। ਇਹ ਨੇਤਾ ਖਿੱਲਰ ਤਾਂ ਗਏ ਹਨ ਪਰ ਅਜੇ ਵੀ ਇਕ-ਦੂਜੇ ਦੇ ਸੰਪਰਕ ਵਿਚ ਹਨ ਤੇ ਮੌਕੇ ਦੀ ਤਲਾਸ਼ ਵਿਚ ਹਨ।

ਇਨ੍ਹਾਂ ਵਿਚ ਇਕ ਨੇਤਾ ਤਾਂ ਵਿਧਾਨਸਭਾ ਚੋਣਾਂ ਦੌਰਾਨ ਹੀ ਭਾਜਪਾ ਵਿਚ ਸ਼ਾਮਲ ਹੋ ਗਿਆ ਸੀ ਤੇ ਅਜੇ ਬਾਕੀਆਂ ਲਈ ਭਾਜਪਾ ਵਿਚ ਥਾਂ ਲੱਭੀ ਜਾ ਰਹੀ ਹੈ। ਜੇਕਰ ਇਹ ਨੇਤਾ ਭਾਜਪਾ ਵਿਚ ਜਾਂਦੇ ਹਨ ਤਾਂ ਇਨ੍ਹਾਂ ਵਿਚ ਇਕ ਨੇਤਾ ਨੂੰ ਮੇਅਰ ਦੇ ਅਹੁੱਦੇ ਲਈ ਚਿਹਰੇ ਦੇ ਰੂਪ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਨਿਰਾਸ਼ ਚੱਲ ਰਹੇ ਨੇਤਾਵਾਂ ਨੂੰ ਭਾਜਪਾ ਵਿਚ ਲਿਆਉਣ ਲਈ ਰਣਨੀਤੀ ‘ਤੇ ਕੰਮ ਕੀਤਾ ਜਾ ਰਿਹਾ ਹੈ, ਇਸ ਦਾ ਕਾਰਨ ਇਕ ਤਾਂ ਕਈ ਨੇਤਾ ਆਪ ਵਿਚ ਨਿਰਾਸ਼ ਚੱਲ ਰਹੇ ਹਨ ਤੇ ਦੂਸਰਾ ਭਾਜਪਾ ਛੱਡ ਕੇ ਆਪ ਵਿਚ ਸ਼ਾਮਲ ਨੇਤਾਵਾਂ ਨੂੰ ਵੀ ਕੋਈ ਪੁੱਛ ਨਹੀਂ ਰਿਹਾ ਹੈ।

ਭਾਜਪਾ ਤੋਂ `ਆਪ’ ਵਿਚ ਸ਼ਾਮਲ ਇਕ ਕੌਂਸਲਰ ਤਾਂ ਸ਼ਰੇਆਮ ਆਪਣਾ ਦਰਦ ਬਿਆਨ ਕਰ ਰਿਹਾ ਹੈ ਕਿ ਜੇਕਰ ਆਪ ਵਿਚ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੋਈ ਮਾਣ-ਸਨਮਾਨ ਹੀ ਨਹੀਂ ਦੇਣਾ ਸੀ ਤਾਂ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਹੀ ਕਿਉਂ ਕੀਤਾ ਗਿਆ। ਇਸ ਤੋਂ ਇਲਾਵਾ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਵੈਸਟ ਹਲਕੇ ਵਿਚ ਆਪਣੀ ਗੁਆਚੀ ਸਾਖ ਨੂੰ ਹਾਸਲ ਕਰਨ ਲਈ ਭਾਜਪਾ ਵੈਸਟ ਹਲਕੇ ਤੋਂ ਕਿਸੇ ਨੂੰ ਮੇਅਰ ਬਣਾਏ ਜਾਣ ਦਾ ਦਾਅਵਾ ਕਰ ਸਕਦੀ ਹੈ।