ਮੁਕਤਸਰ ਦੇ ‘ਬੰਟੀ-ਬਬਲੀ’ ਚੰਡੀਗੜ੍ਹ ‘ਚ ਕਾਬੂ : ਨੌਜਵਾਨ ਚਲਾਉਂਦਾ ਸੀ ਬਾਈਕ, ਪਿੱਛੇ ਬੈਠੀ ਲੜਕੀ ਝਪਟਦੀ ਸੀ ਮੋਬਾਈਲ

0
1431

ਚੰਡੀਗੜ੍ਹ਼਼। ਸੈਕਟਰ-39 ਥਾਣੇ ਦੀ ਪੁਲੀਸ ਨੇ ਦੋ ਸਨੈਚਰਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ‘ਚ ਇਕ ਲੜਕੀ ਵੀ ਹੈ ਜੋ ਨੌਜਵਾਨਾਂ ਨਾਲ ਮਿਲ ਕੇ ਵਾਰਦਾਤਾਂ ਕਰਦੀ ਸੀ। ਨੌਜਵਾਨ ਬਾਈਕ ਚਲਾਉਂਦਾ ਸੀ ਅਤੇ ਪਿੱਛੇ ਬੈਠੀ ਲੜਕੀ ਪੈਦਲ ਚੱਲਦੇ ਸਮੇਂ ਫੋਨ ‘ਤੇ ਗੱਲ ਕਰਨ ਵਾਲਿਆਂ ਦੇ ਮੋਬਾਈਲ ਖੋਹ ਲੈਂਦੀ ਸੀ। ਦੋਵਾਂ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਮੋਬਾਈਲ ਖੋਹਣ ਦੇ ਦੋ ਵੱਖ-ਵੱਖ ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ।

ਮੁਲਜ਼ਮਾਂ ਦੀ ਪਛਾਣ ਵਿਕਰਮ ਲਾਡੀ (31) ਅਤੇ ਰਮਨ (24) ਦੋਵੇਂ ਵਾਸੀ ਮੁਕਤਸਰ (ਪੰਜਾਬ) ਵਜੋਂ ਹੋਈ ਹੈ। ਮੁਲਜ਼ਮਾਂ ਨੇ 28 ਜਨਵਰੀ ਨੂੰ ਸੈਕਟਰ 37-38 ਡਿਵਾਈਡਿੰਗ ਰੋਡ ਅਤੇ ਸੈਕਟਰ 40-41 ਲਾਈਟ ਪੁਆਇੰਟ ’ਤੇ ਮੋਬਾਈਲ ਖੋਹਣ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਦੋਵਾਂ ਮਾਮਲਿਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਐਸਪੀ ਦੱਖਣੀ/ਪੱਛਮੀ ਮ੍ਰਿਦੁਲ ਦੀ ਅਗਵਾਈ ਹੇਠ ਟੀਮ ਗਠਿਤ ਕੀਤੀ ਗਈ ਸੀ। ਟੀਮ ਵਿੱਚ ਥਾਣਾ 39 ਦੇ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਦੇ ਨਾਲ ਏਐਸਆਈ ਕਿਰਨਪਾਲ, ਕਾਂਸਟੇਬਲ ਸੰਤ ਲਾਲ, ਕਾਂਸਟੇਬਲ ਸੁਮਿਤ, ਲੇਡੀ ਕਾਂਸਟੇਬਲ ਮੋਨੂੰ, ਕਾਂਸਟੇਬਲ ਊਧਮ ਸਿੰਘ ਅਤੇ ਕਾਂਸਟੇਬਲ ਪ੍ਰਦੀਪ ਸ਼ਰਮਾ ਸ਼ਾਮਲ ਸਨ।

ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਮੁਲਜ਼ਮ ਵਿਕਰਮ ਸੈਕਟਰ-41 ਨੇੜੇ ਸਰਗਰਮ ਹੈ। ਸੂਚਨਾ ਦੇ ਆਧਾਰ ‘ਤੇ ਟੀਮ ਨੇ ਸੈਕਟਰ-41/42 ਡਿਵਾਈਡਿੰਗ ਰੋਡ ਨੇੜੇ ਨਾਕਾ ਲਗਾਇਆ। ਇੱਥੇ ਹੀ ਇੱਕ ਦੋਸ਼ੀ ਵਿਕਰਮ ਨੂੰ ਫੜਿਆ ਗਿਆ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਦੋਸ਼ੀ ਲੜਕੀ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਖੋਹੇ ਮੋਬਾਈਲ ਵੀ ਬਰਾਮਦ ਕਰ ਲਏ ਹਨ। ਉਨ੍ਹਾਂ ਕੋਲੋਂ ਖੋਹੀ ਗਈ ਪੰਜਾਬ ਨੰਬਰ ਦੀ ਬਾਈਕ ਵੀ ਬਰਾਮਦ ਕਰ ਲਈ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਉਸ ਨੇ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਹਨ।

ਦੋਵਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਵੱਲੋਂ ਦੱਸਿਆ ਗਿਆ ਕਿ ਦੋਵਾਂ ਲੁਟੇਰਿਆਂ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ। ਵਿਕਰਮ ਲਾਡੀ ਖ਼ਿਲਾਫ਼ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਛੇ ਕੇਸ ਦਰਜ ਹਨ, ਜਿਨ੍ਹਾਂ ਵਿੱਚ ਐਨਡੀਪੀਐਸ ਐਕਟ ਤਹਿਤ ਕਈ ਕੇਸ ਦਰਜ ਹਨ। ਗ੍ਰਿਫ਼ਤਾਰ ਮੁਲਜ਼ਮ ਲੜਕੀ ਖ਼ਿਲਾਫ਼ ਦੋ ਕੇਸ ਵੀ ਦਰਜ ਹਨ।