ਮੁਕਤਸਰ : ਰੇਲਵੇ ਟਰੈਕ ‘ਤੇ ਪੈ ਰਹੀਆਂ ਤਾਰਾਂ ਦੀ ਨਿਗਰਾਨੀ ਕਰਦੇ ਦੋ ਭਰਾਵਾਂ ਨੂੰ ਇੰਜਣ ਨੇ ਕੁਚਲਿਆ, ਦੋਵਾਂ ਦੀ ਮੌਤ

0
997

ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ| ਸਿਆਣੇ ਕਹਿੰਦੇ ਹਨ ਕਿ ਮੌਤ ਤੁਹਾਨੂੰ ਕਦੋਂ ਕਿੱਥੇ ਘੇਰ ਲਵੇ ਕੁਝ ਪਤਾ ਨਹੀਂ, ਪਤਾ ਨਹੀਂ ਕਿਸਦੇ ਪਾਵੇ ਨਾਲ ਕਾਲ ਬੰਨ੍ਹਿਆ ਹੋਵੇ। ਕੁਝ ਇਸ ਤਰ੍ਹਾਂ ਦਾ ਹੀ ਇਕ ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਬਰੀਵਾਲਾ ਤੋਂ ਸਾਹਮਣੇ ਆਇਆ ਹੈ।

ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਆ ਰਹੇ ਰੇਲਵੇ ਇੰਜਣ ਹੇਠਾਂ ਆਉਣ ਕਾਰਨ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ। ਦੋ ਚਚੇਰੇ ਭਰਾਵਾਂ ਦੀ ਮੌਤ ਦੀ ਖ਼ਬਰ ਜਦੋਂ ਉਨ੍ਹਾਂ ਦੇ ਘਰ ਬਰੀਵਾਲਾ ਵਿਖੇ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਦੀਆਂ ਪੈ ਰਹੀਆਂ ਤਾਰਾਂ ਦੀ ਨਿਗਰਾਨੀ ਕਰ ਰਹੇ ਦੋ ਨੌਜਵਾਨ ਖੇਮ ਚੰਦ (31) ਪੁੱਤਰ ਪਿਰਥੀ ਰਾਜ ਅਤੇ ਪਵਨ ਕੁਮਾਰ (21) ਪੁੱਤਰ ਜਗਦੀਸ਼ ਕੁਮਾਰ ਵਾਸੀਆਨ ਨਹਿਰੂ ਬਸਤੀ, ਬਰੀਵਾਲਾ ਲਾਈਨਾਂ ਦੇ ਵਿਚਕਾਰ ਆ ਰਹੇ ਸਨ ਕਿ ਇਸ ਦੌਰਾਨ ਸਵੇਰੇ 5:45 ਵਜੇ ਦੇ ਕਰੀਬ ਪਿੰਡ ਵਾਂਦਰ ਜਟਾਣਾ ਕਿਲੋਮੀਟਰ ਨੰਬਰ-7 ਨੇੜੇ ਆ ਰਹੇ ਪਾਵਰ ਇੰਜਣ ਹੇਠਾਂ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਕੋਟਕਪੂਰਾ ਦੇ ਇੰਚਾਰਜ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀ ਜੀ.ਆਈ. ਗਰੁੱਪ ਵਲੋਂ ਪਾਈਆਂ ਜਾ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਨਿਗਰਾਨੀ ਕਰਦਿਆਂ ਡਿਊਟੀ ਕਰ ਰਹੇ ਸਨ ਕਿ ਸਵੇਰੇ 5:45 ਵਜੇ ਦੇ ਕਰੀਬ ਹਨੇਰਾ ਹੋਣ ਕਾਰਨ ਇਨ੍ਹਾਂ ਨੂੰ ਆ ਰਹੇ ਇੰਜਣ ਦਾ ਪਤਾ ਨਹੀਂ ਲੱਗਾ। ਇਸ ਦੇ ਚਲਦਿਆਂ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਆਪਸ ’ਚ ਚਚੇਰੇ ਭਰਾ ਹਨ। ਉਨ੍ਹਾਂ ਦਸਿਆ ਕਿ ਦੋਵਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀਆਂ ਜਾਣਗੀਆਂ।