ਮੁਕਤਸਰ : ਪਤੀ ਤੇ ਜੇਠ ਨੇ ਕੀਤਾ ਗਰਭਵਤੀ ਮਹਿਲਾ ਦਾ ਕਤਲ, ਕਰੈਕਟਰ ‘ਤੇ ਸ਼ੱਕ ਦੇ ਚਲਦਿਆਂ ਦਿੱਤਾ ਵਾਰਦਾਤ ਨੂੰ ਅੰਜਾਮ

0
4096

ਮੁਕਤਸਰ : ਪਿੰਡ ਰੱਤਾ ਟਿੱਬਾ ਵਿੱਚ ਇੱਕ ਗਰਭਵਤੀ ਔਰਤ ਦਾ ਉਸਦੇ ਪਤੀ ਅਤੇ ਜੇਠ ਨੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਰਮਨਦੀਪ ਕੌਰ ਵਜੋਂ ਹੋਈ ਹੈ। ਮ੍ਰਿਤਕ ਔਰਤ ਗਰਭਵਤੀ ਸੀ। ਦੋਵੇਂ ਉਕਤ ਔਰਤ ਦੇ ਚਰਿੱਤਰ ‘ਤੇ ਸ਼ੱਕ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਕਾਲਾ ਸਿੰਘ ਵਾਸੀ ਪਿੰਡ ਬਸਤੀ ਗੋਨਿਆਣਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 15 ਸਾਲ ਪਹਿਲਾਂ ਮਨਪ੍ਰੀਤ ਸਿੰਘ ਨਾਲ ਹੋਇਆ ਸੀ ਜਿਸ ਤੋਂ ਉਸ ਦੇ 2 ਬੱਚੇ ਹਨ ਅਤੇ ਉਹ ਅਜੇ ਗਰਭਵਤੀ ਸੀ।

ਉਸ ਦਾ ਜੀਜਾ ਮਨਪ੍ਰੀਤ ਸਿੰਘ ਉਸ ਦੇ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ ਕਿ ਉਸ ਦੇ ਨਾਜਾਇਜ਼ ਸਬੰਧ ਹਨ। ਇਸ ਗੱਲ ਨੂੰ ਲੈ ਕੇ ਜੀਜਾ ਮਨਪ੍ਰੀਤ ਸਿੰਘ ਅਤੇ ਉਸ ਦਾ ਭਰਾ ਗੁਰਪ੍ਰੀਤ ਸਿੰਘ, ਰਮਨਦੀਪ ਨਾਲ ਲੜਦੇ ਰਹਿੰਦੇ ਸਨ। ਮੰਗਲਵਾਰ ਨੂੰ ਜਦੋਂ ਪੀੜਤ ਘਰ ਪਹੁੰਚਿਆ ਤਾਂ ਪਤਾ ਲੱਗਾ ਕਿ ਰਮਨਦੀਪ ਦਾ ਕਤਲ ਕਰਕੇ ਉਸ ਦੀ ਲਾਸ਼ ਖੇਤਾਂ ‘ਚ ਸੁੱਟ ਦਿੱਤੀ ਗਈ ਸੀ। ਫਿਰ ਪੀੜਤ ਨੇ ਮਾਮਲੇ ਦੀ ਸੂਚਨਾ ਪੁਲਿਸ ਕੰਟਰੋਲ ਰੂਮ ‘ਚ ਦਿੱਤੀ ਤਾਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ।

ਪੁਲਿਸ ਨੇ ਪੀੜਤਾ ਦੇ ਬਿਆਨਾਂ ‘ਤੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਕਬਰਵਾਲਾ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਦਾ ਰਿਮਾਂਡ ਲਿਆ ਜਾਵੇਗਾ।

ਐਦਾਂ ਹੋੋਈ ਪੂਰੀ ਵਾਰਦਾਤ

ਪਿੰਡ ਰੱਤਾ ਟਿੱਬਾ ’ਚ ਉਸ ਵੇਲੇ ਸਨਸਨੀ ਫੈਲ ਗਈ ਜਦ ਨਰਮੇ ਦੇ ਖੇਤਾਂ ’ਚ ਗਰਭਵਤੀ ਔਰਤ ਦੀ ਲਾਸ਼ ਬਰਾਮਦ ਹੋਈ। ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਲੈ ਲਿਆ ਗਿਆ ਹੈ। ਓਧਰ ਘਟਨਾ ਸਥਾਨ ’ਤੇ ਜਾਂਚ ਲਈ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਰੱਤਾ ਟਿੱਬਾ ਦੇ ਵਸਨੀਕ ਮਨਪ੍ਰੀਤ ਸਿੰਘ ਪੁੱਤਰ ਬੋਘਾ ਸਿੰਘ ਨੇ ਬੀਤੇ ਦਿਨੀਂ ਚੌਕੀ ਪੰਨੀਵਾਲਾ ਫੱਤਾ ’ਚ ਰਿਪੋਰਟ ਦਰਜ ਕਰਵਾਈ ਸੀ ਕਿ ਉਸਦੀ ਪਤਨੀ ਰਮਨਦੀਪ ਕੌਰ ਉਮਰ ਤਕਰੀਬਨ 32 ਸਾਲ ਜੋ ਗਰਭਵਤੀ ਅਵਸਥਾ ’ਚ ਸ਼ਾਮ ਨੂੰ ਕੰਮ ਤੋਂ ਘਰ ਨਹੀਂ ਆਈ, ਪਰਿਵਾਰ ਵੱਲੋਂ ਉਸਦੀ ਭਾਲ ਕੀਤੀ ਜਾ ਰਹੀ ਸੀ ਪਰ ਅੱਜ ਅਚਾਨਕ ਵਾਟਰ ਵਰਕਸ ਦੇ ਪਿਛਲੇ ਪਾਸੇ ਨਰਮੇ ਦੇ ਖੇਤਾਂ ’ਚ ਜ਼ਿਮੀਂਦਾਰ ਵੱਲੋਂ ਲਾਸ਼ ਵੇਖੀ ਗਈ। ਮੌਕੇ ਮ੍ਰਿਤਕ ਦੇ ਪਤੀ ਮਨਪ੍ਰੀਤ ਸਿੰਘ ਨੇ ਪਹੁੰਚ ਕੇ ਲਾਸ਼ ਦੀ ਸ਼ਨਾਖ਼ਤ ਆਪਣੀ ਪਤਨੀ ਰਮਨਦੀਪ ਕੌਰ ਵਜੋਂ ਕੀਤੀ।

ਇਸ ਮੌਕੇ ਚੌਕੀ ਇੰਚਾਰਜ ਇਕਬਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚੇ। ਸੂਚਨਾ ਮਿਲਦਿਆਂ ਹੀ ਮੌਕੇ ’ਤੇ ਡੀਐੱਸਪੀ ਮਲੋਟ ਫਤਹਿ ਸਿੰਘ ਬਰਾੜ ਵੀ ਪੁੱਜੇ। ਗੱਲਬਾਤ ਕਰਦਿਆਂ ਡੀਐੱਸਪੀ ਮਲੋਟ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਫੋਰੈਂਸਿਕ ਟੀਮ ਪਹੁੰਚ ਰਹੀ ਹੈ ਤਾਂ ਜੋ ਵਾਰਦਾਤ ਵਾਲੀ ਥਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਲਾਸ਼ ਬਰਾਮਦ ਵਾਲੀ ਜਗਾ ’ਤੇ ਨਰਮੇ ਦੇ ਖੇਤਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਤਾਂ ਜੋ ਲਾਸ਼ ਦਾ ਇਸ ਜਗ੍ਹਾ ‘ਤੇ ਹੋਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਸਕੇ। ਖ਼ਬਰ ਲਿਖੇ ਜਾਣ ਤੱਕ ਪੁਲਿਸ ਜਾਂਚ ’ਚ ਲੱਗ ਹੋਈ ਸੀ।