ਮੋਗਾ ‘ਚ ਲਾੜੇ ਦੀ ਮੌਤ ਤੋਂ ਬਾਅਦ ਲੁਧਿਆਣਾ ‘ਚ ਮਾਤਮ : ਹੱਥਾਂ ‘ਤੇ ਲਿਖਿਆ ਰਹਿ ਗਿਆ ਹੋਣ ਵਾਲੇ ਪਤੀ ਦਾ ਨਾਂ, ਐਕਸੀਡੈਂਟ ਦੀ ਖਬਰ ਸੁਣ ਬੇਹੋਸ਼ ਹੋਈ ਲਾੜੀ

0
864

ਲੁਧਿਆਣਾ, 5 ਨਵੰਬਰ| ਮੋਗਾ ‘ਚ ਐਤਵਾਰ ਸਵੇਰੇ ਵਾਪਰੇ ਸੜਕ ਹਾਦਸੇ ‘ਚ ਲਾੜੇ ਸਮੇਤ 4 ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ ‘ਚ ਸੋਗ ਦੀ ਲਹਿਰ ਹੈ। ਵਿਆਹ ਲਈ ਬਾਰਾਤ ਪਿੰਡ ਬੱਦੋਵਾਲ ਆਉਣੀ ਸੀ। ਇੱਥੇ ਭਾਈ ਕਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਅਤੇ ਲੋਕ ਸੇਵਾ ਸੁਸਾਇਟੀ ਵੱਲੋਂ 21 ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ।

ਹਾਦਸੇ ‘ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਫਾਜ਼ਿਲਕਾ ਦੇ ਰਹਿਣ ਵਾਲੇ ਸੁਖਵਿੰਦਰ ਵਜੋਂ ਹੋਈ ਹੈ। ਉਸ ਦਾ ਵਿਆਹ ਪ੍ਰਵੀਨ ਰਾਣੀ ਨਾਲ ਹੋਣਾ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਲਾੜੀ ਦਾ ਪਰਿਵਾਰ ਜਲਾਲਾਬਾਦ ਸਥਿਤ ਆਪਣੇ ਘਰ ਪਰਤ ਗਿਆ ਹੈ। ਹੁਣ ਇੱਥੇ ਸਿਰਫ਼ 20 ਜੋੜੇ ਹੀ ਵਿਆਹ ਕਰਨਗੇ।

ਸੰਤ ਬਾਬਾ ਜਸਪਾਲ ਸਿੰਘ ਨੇ ਦੱਸਿਆ ਕਿ ਵਿਆਹ ਵਾਲੇ ਜੋੜੇ ਇੱਕ ਦਿਨ ਪਹਿਲਾਂ ਉਨ੍ਹਾਂ ਕੋਲ ਆਉਂਦੇ ਹਨ। ਸ਼ਨੀਵਾਰ ਰਾਤ ਨੂੰ ਲਾੜੀ ਪ੍ਰਵੀਨ ਆਪਣੇ ਪਰਿਵਾਰ ਨਾਲ ਵਿਆਹ ਦੀ ਖੁਸ਼ੀ ‘ਚ ਨੱਚ ਰਹੀ ਸੀ ਪਰ ਸਵੇਰੇ ਜਿਵੇਂ ਹੀ ਹਾਦਸੇ ਦੀ ਖਬਰ ਮਿਲੀ ਤਾਂ ਪੂਰਾ ਪਰਿਵਾਰ ਸਦਮੇ ‘ਚ ਹੈ। ਬਾਰਾਤ ਦੇ ਸਵਾਗਤ ਲਈ ਪਕੌੜਿਆਂ, ਮਠਿਆਈਆਂ, ਬੈਂਡ ਸਾਜ਼ਾਂ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਸਾਰੇ ਪ੍ਰਬੰਧ ਧਰੇ ਧਰਾਏ ਰਹਿ ਗਏ।

ਮੌਤ ਦੀ ਖਬਰ ਸੁਣ ਕੇ ਲਾੜੀ ਹੋਈ ਬੇਹੋਸ਼

ਜਦੋਂ ਲਾੜੇ ਦੀ ਮੌਤ ਦੀ ਖ਼ਬਰ ਆਈ ਤਾਂ ਲਾੜੀ ਦੇ ਪਰਿਵਾਰ ਵਾਲਿਆਂ ਨੇ ਕੁਝ ਦੇਰ ਤੱਕ ਪ੍ਰਵੀਨ ਨੂੰ ਨਹੀਂ ਦੱਸਿਆ। ਕੁਝ ਸਮੇਂ ਬਾਅਦ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਹ ਬੇਹੋਸ਼ ਹੋ ਗਈ। ਸੁਖਵਿੰਦਰ ਦੇ ਨਾਂ ਵਾਲੀ ਮਹਿੰਦੀ ਲਾੜੀ ਦੇ ਹੱਥਾਂ ‘ਤੇ ਲੱਗੀ  ਰਹਿ ਗਈ। ਸੁਸਾਇਟੀ ਦੇ ਮੈਂਬਰਾਂ ਨੇ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਈ। ਕੁਝ ਘੰਟਿਆਂ ਬਾਅਦ ਪ੍ਰਵੀਨ ਆਪਣੇ ਪਤੀ ਦਾ ਸਿਹਰਾ ਲੱਗਾ ਚਿਹਰਾ ਵੀ ਨਹੀਂ ਦੇਖ ਸਕੀ, ਜਿਸ ਨਾਲ ਉਸ ਨੇ 7 ਜਨਮ ਤੱਕ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ।

ਇਸ ਤਰ੍ਹਾਂ ਵਾਪਰਿਆ ਹਾਦਸਾ 
ਇਹ ਹਾਦਸਾ ਮੋਗਾ ‘ਚ ਐਤਵਾਰ ਸਵੇਰੇ ਵਾਪਰਿਆ। ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ’ਤੇ ਅਜੀਤਵਾਲ ਨੇੜੇ ਸੜਕ ’ਤੇ ਖੜ੍ਹੀ ਟਰਾਲੇ ਨਾਲ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਲਾੜੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।