ਮੂਨਕ : ਟਿਊਸ਼ਨ ਪੜ੍ਹਨ ਜਾ ਰਹੀ 14 ਸਾਲਾ ਕੁੜੀ ਦੇ ਸਿਰ ‘ਤੇ ਚੜ੍ਹਿਆ ਟਰੱਕ ਦਾ ਟਾਇਰ, ਦਰਦਨਾਕ ਮੌਤ

0
2406

ਸੰਗਰੂਰ। ਮੂਨਕ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਥੇ ਇੱਕ ਸੜਕ ਹਾਦਸੇ ਵਿੱਚ 14 ਸਾਲ ਦੀ ਕੁੜੀ ਦੀ ਮੌਤ ਹੋ ਗਈ, ਜਦਕਿ ਉਸ ਦੀ ਭੈਣ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਈ। ਮ੍ਰਿਤਕ ਕੁੜੀ ਦੀ ਪਛਾਣ ਰੀਤਿੰਦਰ ਕੌਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਦੋਵੇਂ ਭੈਣਾਂ ਟਿਊਸ਼ਨ ਪੜ੍ਹਨ ਲਈ ਈ-ਬਾਈਕ ਸਕੂਟੀ ‘ਤੇ ਸਵਾਰ ਹੋ ਕੇ ਪਿੰਡ ਬਲਰਾ ਤੋਂ ਮੂਨਕ ਜਾ ਰਹੀਆਂ ਸਨ। ਰਸਤੇ ਵਿੱਚ ਟਰੱਕ ਚਾਲਕ ਵੱਲੋਂ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਗਈ। ਟੱਕਰ ਤੋਂ ਬਾਅਦ ਇੱਕ ਕੁੜੀ ਈ-ਬਾਈਕ ਸਕੂਟੀ ਸਣੇ ਖੇਤਾਂ ਵਿੱਚ ਜਾ ਡਿੱਗੀ ਜਦਕਿ ਦੂਜੀ ਸੜਕ ‘ਤੇ। ਸੜਕ ‘ਤੇ ਡਿੱਗਣ ਵਾਲੀ ਕੁੜੀ ਦੇ ਸਿਰ ‘ਤੇ ਟਰੱਕ ਦਾ ਟਾਇਰ ਚੜ੍ਹ ਗਿਆ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਬੱਚੀ ਦੇ ਪਰਿਵਾਰ ਵਾਲੇ ਮੌਕੇ ‘ਤੇ ਪਹੁੰਚ ਗਏ। ਪਰਿਵਾਰ ਵਾਲਿਆਂ ਤੇ ਮ੍ਰਿਤਕ ਕੁੜੀ ਦੇ ਰਿਸ਼ਤੇਦਾਰਾਂ ਨੇ ਟਰੱਕ ਡਰਾਈਵਰ ‘ਤੇ ਦੋਸ਼ ਲਾਏ ਕਿ ਉਹ ਨਸ਼ਾ ਕਰਕੇ ਟਰੱਕ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।