ਚੰਡੀਗੜ੍ਹ/ਐਸਏਐਸ ਨਗਰ | ਲੌਕਡਾਉਨ ਅਤੇ ਕੋਰੋਨਾ ਕਾਰਨ ਜੇਕਰ ਤੁਸੀਂ ਘਰ ਵਿੱਚ ਬੈਠੇ-ਬੈਠੇ ਬੋਰ ਹੋ ਗਏ ਹੋ ਤਾਂ ਤੁਹਾਡੇ ਲਈ ਇਹ ਚੰਗੀ ਖਬਰ ਹੈ। ਮੋਹਾਲੀ ‘ਚ ਸਥਿਤ ਛੱਤਬੀੜ ਚਿੜੀਆਘਰ 10 ਦਸੰਬਰ ਤੋਂ ਮੁੜ ਖੁਲ੍ਹ ਰਿਹਾ ਹੈ।
ਛੱਤਬੀੜ ਚਿੜੀਆਘਰ ਵਿੱਚ ਇਸ ਵਾਰ ਕਈ ਜਾਨਵਰ ਪਹਿਲੀ ਵਾਰ ਵੇਖਣ ਨੂੰ ਮਿਲਣਗੇ। ਫੀਲਡ ਡਾਇਰੈਕਟਰ ਡਾ. ਐਮ ਸੁਧਾਗਰ ਨੇ ਦੱਸਿਆ- ਪਹਿਲੀ ਵਾਰ ਸੈਲਾਨੀਆਂ ਨੂੰ ਸ਼ੇਰ ਦੇ ਬੱਚੇ ਅਮਰ, ਅਰਜੁਨ ਅਤੇ ਦਿਲਨੂਰ ਨੂੰ ਦੇਖਣ ਦਾ ਮੌਕਾ ਮਿਲੇਗਾ। ਭਾਰਤੀ ਲੂੰਬੜੀ ਨੂੰ ਵੀ ਆਪਣੇ ਨਵੇਂ ਜੰਮੇ ਬੱਚਿਆਂ ਨਾਲ ਪਹਿਲੀ ਵਾਰ ਦੇਖਿਆ ਜਾ ਸਕੇਗਾ।
ਚਿੜੀਆਘਰ ‘ਚ ਸੈਲਾਨੀਆਂ ਲਈ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਜਿਵੇਂ ਮੌਮ ਐਂਡ ਬੇਬੀ ਕੇਅਰ ਰੂਮ, ਮੁਫ਼ਤ ਵਾਈ-ਫਾਈ ਹਾਟਸਪੋਟਸ, ਕਾਫੀ ਬੂਥ, ਕੰਟਰੋਲ ਰੂਮ, ਸੈਲਫੀ ਪੁਆਇੰਟਸ, ਨਵਾਂ ਆਰਾਮ ਘਰ, ਪਰੇਸ਼ਾਨੀ ਰਹਿਤ ਪਾਰਕਿੰਗ, ਟੱਚ ਫ੍ਰੀ ਹੈਂਡ ਵਾਸ਼ ਅਤੇ ਸੈਨੀਟਾਈਜ਼ਰ ਡਿਸਪੈਂਸਰ ਵੀ ਦਿੱਤੀਆਂ ਜਾ ਰਹੀਆਂ ਹਨ।
ਚਿੜੀਆਘਰ ਪ੍ਰਸ਼ਾਸਨ ਨੇ ਛੱਤਬੀੜ ਚਿੜੀਆਘਰ ਅਤੇ ਆਉਣ ਵਾਲੇ ਦਰਸ਼ਕਾਂ ਦੀ ਸਹੂਲਤ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ‘ਤੇ ਅਮਲ ਕਰਦਿਆਂ ਚਿੜੀਆਘਰ ਨੂੰ ਦੁਬਾਰਾ ਖੋਲਣ ਲਈ ਤਿਆਰੀ ਮੁਕੰਮਲ ਕਰ ਲਈ ਹੈ। ਚਿੜੀਆਘਰ ਵਿਚ ਆਉਣ ਵਾਲੇ ਸੈਲਾਨੀਆਂ, ਕਰਮਚਾਰੀਆਂ, ਕਾਮਿਆਂ ਅਤੇ ਜਾਨਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ।
ਸੈਲਾਨੀਆਂ ਲਈ ਚਿੜੀਆਘਰ ਸੋਮਵਾਰ ਨੂੰ ਛੱਡ ਕੇ ਹਫ਼ਤੇ ਵਿਚ 6 ਦਿਨ ਖੋਲਿਆ ਜਾਵੇਗਾ। ਸਵੇਰੇ 9: 30 ਵਜੇ ਤੋਂ ਸ਼ਾਮ 4:30 ਵਜੇ ਤੱਕ ਐਂਟਰੀ ਹੋਵੇਗੀ।
ਫਿਲਹਾਲ ਇੱਕ ਦਿਨ ਵਿੱਚ ਵੱਧ ਤੋਂ ਵੱਧ 2700 ਸੈਲਾਨੀਆਂ ਨੂੰ ਚਿੜੀਆਘਰ ਵਿਚ ਐਂਟਰੀ ਦਿੱਤੀ ਜਾਵੇਗੀ। ਐਂਟਰੀ ਟਿਕਟ ਸਿਰਫ ਦੋ ਘੰਟਿਆਂ ਲਈ ਵੈਧ ਹੋਵੇਗੀ।
ਐਂਟਰੀ, ਪਾਰਕਿੰਗ, ਬੈਟਰੀ ਸੰਚਾਲਿਤ ਕਾਰਾਂ ਆਦਿ ਦੀਆਂ ਟਿਕਟਾਂ ਆਨਲਾਈਨ ਵੀ ਬੁੱਕ ਕੀਤੀਆਂ ਜਾ ਸਕਦੀਆਂ ਹਨ।