ਮੋਹਾਲੀ : ਦੁਕਾਨਦਾਰ ਦੀ ਕੁੱਟਮਾਰ ਮਗਰੋਂ ਲੁਟੇਰੇ ਗਹਿਣੇ ਤੇ 50 ਹਜ਼ਾਰ ਲੈ ਕੇ ਫਰਾਰ

0
1125

ਮੋਹਾਲੀ, 9 ਅਕਤੂਬਰ | ਮੋਹਾਲੀ ਦੇ ਕਸਬਾ ਨਵਾਂਗਾਓਂ ‘ਚ ਐਤਵਾਰ ਨੂੰ ਇਕ ਦੁਕਾਨਦਾਰ ਦੇ ਘਰੋਂ ਹੋਈ ਲੁੱਟ ਦੀ ਸੀਸੀਟੀਵੀ ਵੀਡੀਓ ਪੁਲਿਸ ਦੇ ਹੱਥ ਲੱਗੀ ਹੈ। ਇਸ ਵਿਚ 3 ਮੁਲਜ਼ਮ ਇਕ ਪਲਸਰ ਮੋਟਰਸਾਈਕਲ ’ਤੇ ਆਉਂਦੇ ਦਿਖਾਈ ਦੇ ਰਹੇ ਹਨ। ਤਿੰਨਾਂ ਨੇ ਮੂੰਹ ਢੱਕੇ ਹੋਏ ਹਨ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਦੋਸ਼ੀਆਂ ਦਾ ਕੋਈ ਸੁਰਾਗ ਨਹੀਂ ਲੱਗਾ।

ਪੀੜਤ ਅਸ਼ਵਨੀ ਗੋਇਲ ਨੇ ਦੱਸਿਆ ਕਿ ਉਹ ਦੁਕਾਨ ‘ਤੇ ਬੈਠਾ ਸੀ। ਉਥੇ ਇਕ ਵਿਅਕਤੀ ਆਇਆ, ਉਸ ਨੇ ਪਿਸਤੌਲ ਉਸ ਦੀ ਗਰਦਨ ‘ਤੇ ਰੱਖਿਆ। ਇਸ ਤੋਂ ਬਾਅਦ ਦੂਜੇ ਵਿਅਕਤੀ ਨੇ ਆ ਕੇ ਚਾਕੂ ਦਿਖਾਇਆ। ਜਾਨੋਂ ਮਾਰਨ ਦਾ ਡਰ ਦਿਖਾ ਕੇ ਉਹ ਉਸ ਨੂੰ ਪਹਿਲੀ ਮੰਜ਼ਿਲ ‘ਤੇ ਸਥਿਤ ਘਰ ‘ਚ ਲੈ ਗਏ। ਉਥੇ ਉਸ ਨੂੰ ਪਲਾਸਟਿਕ ਦੀਆਂ ਰੱਸੀਆਂ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਘਰ ਰੱਖੇ ਗਹਿਣਿਆਂ ਬਾਰੇ ਪੁੱਛ-ਪੜਤਾਲ ਕੀਤੀ।

ਗੋਇਲ ਨੇ ਦੱਸਿਆ ਕਿ ਲੁਟੇਰੇ 8 ਤੋਲੇ ਸੋਨਾ, 50 ਹਜ਼ਾਰ ਰੁਪਏ ਨਕਦ ਅਤੇ ਹੋਰ ਗਹਿਣੇ ਲੁੱਟ ਕੇ ਲੈ ਗਏ। ਮੋਹਾਲੀ ਪੁਲਿਸ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਡੀਐਸਪੀ ਸਿਟੀ-1 ਪ੍ਰਭਜੋਤ ਕੌਰ ਨੇ ਮੌਕੇ ’ਤੇ ਜਾ ਕੇ ਮਾਮਲੇ ਦੀ ਜਾਂਚ ਕੀਤੀ।