ਮੋਹਾਲੀ : ਮੋਮੋਜ਼ ਖਾਣ ਨੂੰ ਲੈ ਕੇ ਹੋਏ ਝਗੜੇ ‘ਚ ਨੌਜਵਾਨ ਦਾ 4 ਜਣਿਆਂ ਨੇ ਕੀਤਾ ਕਤਲ

0
506

ਮੋਹਾਲੀ/ਜ਼ੀਰਕਪੁਰ, 22 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਸੋਮਵਾਰ ਦੇਰ ਰਾਤ ਮੋਮੋਜ਼ ਖਾਣ ਨੂੰ ਲੈ ਕੇ ਹੋਈ ਲੜਾਈ ਦੌਰਾਨ 17 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਮੂਲ ਰੂਪ ’ਚ ਊਨਾਵ (ਉੱਤਰ ਪ੍ਰਦੇਸ਼) ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਹਾਲੇ ਕਰੀਬ ਡੇਢ ਮਹੀਨਾ ਪਹਿਲਾਂ ਹੀ ਲੁਧਿਆਣਾ ਤੋਂ ਜ਼ੀਰਕਪੁਰ ਦੇ ਬਲਟਾਣਾ ਖੇਤਰ ’ਚ ਰਹਿਣ ਲਈ ਆਇਆ ਸੀ।

ਬਲਟਾਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਕਾਤਲਾਂ ਦੀ ਉਮਰ 18 ਸਾਲ ਤੋਂ ਘੱਟ ਹੋਣ ਕਾਰਨ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਛੁਪਾਈ ਗਈ ਹੈ। ਪੁਲਿਸ ਨੇ ਚਾਰੋਂ ਕਾਤਲਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਹੈ। ਬਲਟਾਣਾ ਪੁਲਿਸ ਦੇ ਚੌਕੀ ਇੰਚਾਰਜ ਸਬ-ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਰਾਤ ਵਿਜੇ ਕੁਮਾਰ ਪੁੱਤਰ ਮਨਸਾ ਰਾਮ ਵਾਸੀ ਉਨਾਵ ਉੱਤਰ ਪ੍ਰਦੇਸ਼ ਹਾਲ ਵਾਸੀ ਬਲਟਾਣਾ ਆਪਣੇ ਭਰਾ ਅਜੇ ਕੁਮਾਰ ਅਤੇ ਹੋਰ ਸਾਥੀਆਂ ਨਾਲ ਜ਼ੀਰਕਪੁਰ-ਪੰਚਕੂਲਾ ਸੜਕ ’ਤੇ ਸਥਿਤ ਇੰਡੀਅਨ ਬੈਂਕ ਕੋਲ ਮੋਮੋਜ਼ ਦੀ ਰੇਹੜੀ ’ਤੇ ਮੋਮੋਜ਼ ਖਾਣ ਲਈ ਗਏ ਸੀ ਜਿਥੇ ਕੁਝ ਹੋਰ ਨੌਜਵਾਨ ਵੀ ਮੋਮੋਜ਼ ਖਾਣ ਲਈ ਆਏ ਹੋਏ ਸਨ।

ਇਸ ਦੌਰਾਨ ਮੋਮੋਜ਼ ਖਾਣ ਨੂੰ ਲੈ ਕੇ ਵਿਜੇ ਅਤੇ ਅਜੇ ਦੀ ਦੂਜੀ ਧਿਰ ਨਾਲ ਲੜਾਈ ਹੋ ਗਈ ਜੋ ਬਾਅਦ ’ਚ ਹੱਥੋਪਾਈ ’ਚ ਬਦਲ ਗਈ, ਜਿਸ ਤੋਂ ਬਾਅਦ ਦੂਜੀ ਧਿਰ ਦੇ ਬੰਦਿਆਂ ਵੱਲੋਂ ਆਏ ਹੋਰ ਸਾਥੀਆਂ ਨੂੰ ਬੁਲਾ ਕੇ ਵਿਜੇ ਅਤੇ ਅਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਵਿਜੇ ਕੁਮਾਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪੰਚਕੂਲਾ ਸੈਕਟਰ 6 ਵਿਖੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਜਿਥੇ ਦੇਰ ਰਾਤ ਕਰੀਬ ਸਾਢੇ 12 ਵਜੇ ਵਿਜੇ ਦੀ ਮੌਤ ਹੋ ਗਈ।

ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਕਾਤਲਾਂ ਦੀ ਭਾਲ ਦੌਰਾਨ ਚਾਰ ਨੌਜਵਾਨਾਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਵੱਲੋਂ ਵਿਜੇ ਦਾ ਕਤਲ ਕਰਨ ਦਾ ਗੁਨਾਹ ਕਬੂਲ ਲਿਆ ਗਿਆ। ਪੁਲਿਸ ਵੱਲੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।