ਮੋਹਾਲੀ : ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਮਗਰੋਂ 3 ਔਰਤਾਂ ਅਜੇ ਤਕ ਲਾਪਤਾ

0
1045

ਮੋਹਾਲੀ, 28 ਸਤੰਬਰ | ਕੈਮੀਕਲ ਫੈਕਟਰੀ ‘ਚ ਅੱਗ ਲੱਗਣ ਮਗਰੋਂ 3 ਔਰਤਾਂ ਅਜੇ ਤਕ ਲਾਪਤਾ ਹਨ। ਦੱਸ ਦਈਏ ਕਿ ਫੋਕਲ ਪੁਆਇੰਟ ਚਨਾਲੋਂ ਦੀ ਕੈਮੀਕਲ ਫੈਕਟਰੀ ‘ਚ ਭੇਤਭਰੇ ਹਾਲਾਤ ‘ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ ਸੀ, ਜਿਸ ਵਿਚ ਝੁਲਸ ਕੇ 5 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਸਨ। ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ‘ਚ ਇਕ ਕੈਮੀਕਲ ਫੈਕਟਰੀ ‘ਚ ਕੱਲ੍ਹ ਅੱਗ ਲੱਗਣ ਕਾਰਨ 5 ਔਰਤਾਂ ਨੂੰ ਮੋਹਾਲੀ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ 2 ਔਰਤਾਂ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਫਿਲਹਾਲ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨ ਔਰਤਾਂ ਮੋਹਾਲੀ ਦੇ ਫੇਜ਼ 6 ਸਥਿਤ ਹਸਪਤਾਲ ਵਿਚ ਜ਼ੇਰੇ ਇਲਾਜ ਹਨ, ਜਿਨ੍ਹਾਂ ਦੀ ਹਾਲਤ ਹੁਣ ਠੀਕ ਹੈ।

ਫੈਕਟਰੀ ਵਿਚ ਕੰਮ ਕਰਨ ਵਾਲੀਆਂ ਤਿੰਨ ਮਹਿਲਾ ਮਜ਼ਦੂਰ ਅਜੇ ਵੀ ਲਾਪਤਾ ਹਨ। ਪ੍ਰਸ਼ਾਸਨ ਉਨ੍ਹਾਂ ਦੀ ਭਾਲ ਕਰ ਰਿਹਾ ਹੈ। ਇਹ ਹਾਦਸਾ ਕੈਮੀਕਲ ਫੈਕਟਰੀ ਵਿਚ ਕੱਲ ਸਾਢੇ 11 ਵਜੇ ਵਾਪਰਿਆ। ਫੈਕਟਰੀ ਅੰਦਰ ਕੈਮੀਕਲ ਹੋਣ ਕਾਰਨ ਅੱਗ ਕਾਫੀ ਫੈਲ ਗਈ ਸੀ। ਪ੍ਰਸ਼ਾਸਨ ਵੱਲੋਂ ਰਾਤ 8 ਵਜੇ ਦੇ ਕਰੀਬ ਇਸ ’ਤੇ ਕਾਬੂ ਪਾ ਲਿਆ ਗਿਆ ਸੀ ਪਰ ਫੈਕਟਰੀ ਅੰਦਰ ਅਤੇ ਆਲੇ-ਦੁਆਲੇ ਦਾ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਕੱਲ੍ਹ ਬਚਾਅ ਕਾਰਜ ਨਹੀਂ ਹੋ ਸਕਿਆ। ਫਿਲਹਾਲ ਫਾਇਰ ਬ੍ਰਿਗੇਡ ਦੀ ਟੀਮ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਫੈਕਟਰੀ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਇੱਥੇ ਸਰਚ ਅਭਿਆਨ ਚਲਾਇਆ ਜਾਵੇਗਾ ਤੇ ਅਜੇ ਵੀ ਬਚਾਅ ਕਾਰਜ ਜਾਰੀ ਹੈ। ਅਜਿਹੇ ‘ਚ ਫੈਕਟਰੀ ਦੇ ਅੰਦਰ ਕਈ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ।