ਮੋਗਾ : ਪੈਸਿਆਂ ਦੇ ਲੈਣ-ਦੇਣ ਕਾਰਨ ਦੁਕਾਨਦਾਰ ਦਾ ਗੋਲੀਆਂ ਮਾਰ ਕੇ ਕਤਲ, 1 ਜ਼ਖਮੀ

0
1161

ਮੋਗਾ | ਧਰਮਕੋਟ ਦੇ ਬੱਸ ਸਟੈਂਡ ਨੇੜੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲੀ ਗੋਲੀ ‘ਚ ਇੱਕ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਮਾਮਲਾ ਬੀਤੀ ਰਾਤ ਦਾ ਹੈ, ਜਦੋਂ ਹਰਪ੍ਰੀਤ ਦੁਕਾਨ ਬੰਦ ਕਰ ਕੇ ਆਪਣੇ ਦੋਸਤ ਅਰਸ਼ਦੀਪ ਨਾਲ ਮੋਟਰਸਾਈਕਲ ‘ਤੇ ਬੈਠਾ ਸੀ ਤਾਂ ਕੁਝ ਲੋਕਾਂ ਨੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ, ਜਿਸ ‘ਚ ਪਹਿਲਾਂ ਹੱਥ ਕੱਟਿਆ ਗਿਆ ਅਤੇ ਫਿਰ ਗੋਲੀ ਚਲਾ ਦਿੱਤੀ ਗਈ, ਹਰਪ੍ਰੀਤ ਦੀ ਛਾਤੀ ‘ਤੇ ਗੋਲੀ ਲੱਗੀ ਅਤੇ ਅਰਸ਼ਦੀਪ ਦੀ ਲੱਤ ‘ਚ ਲੱਗੀ।

ਹਸਪਤਾਲ ਲਿਜਾਂਦੇ ਸਮੇਂ ਹਰਪ੍ਰੀਤ ਦੀ ਰਸਤੇ ‘ਚ ਹੀ ਮੌਤ ਹੋ ਗਈ ਅਤੇ ਅਰਸ਼ਦੀਪ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ‘ਚ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸੇ ਹਸਪਤਾਲ ‘ਚ ਜ਼ਖਮੀ ਅਰਸ਼ਦੀਪ ਨੇ ਦੱਸਿਆ ਕਿ ਜਦੋਂ ਹਰਪ੍ਰੀਤ ਰਾਤ ਨੂੰ ਦੁਕਾਨ ਬੰਦ ਕਰ ਕੇ ਦੋਵੇਂ ਮੋਟਰਸਾਈਕਲਾਂ ‘ਤੇ ਬੈਠੇ ਸੀ ਤਾਂ 14/15 ਵਿਅਕਤੀਆਂ ਨੇ ਆ ਕੇ ਨਾਂ ਪੁੱਛਿਆ ਕਿ ਹੈਪੀ ਕੌਣ ਹੈ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਦੇ ਹੱਥਾਂ ‘ਚ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਸਨ। ਹਰਪ੍ਰੀਤ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਉਨ੍ਹਾਂ ਨੇ 6 ਹੋਰ ਗੋਲੀਆਂ ਚਲਾਈਆਂ, ਇਕ ਹਰਪ੍ਰੀਤ ਦੀ ਛਾਤੀ ‘ਤੇ ਅਤੇ ਇਕ ਮੇਰੀ ਲੱਤ ‘ਤੇ ਲੱਗੀ। ਹਰਪ੍ਰੀਤ ਦੀ ਮੌਤ ਹੋ ਗਈ।

ਇਸੇ ਮਾਮਲੇ ਸਬੰਧੀ ਡੀ.ਐਸ.ਪੀ.ਧਰਮਕੋਟ ਰਬਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹੋਈ ਗੋਲੀਬਾਰੀ ਦੀ ਘਟਨਾ ਹੈ ਅਤੇ ਦੋਵਾਂ ਵਿਚਕਾਰ ਪੈਸਿਆਂ ਦਾ ਕੋਈ ਲੈਣ-ਦੇਣ ਨਹੀਂ ਹੋਇਆ ਅਤੇ ਹਰਪ੍ਰੀਤ ਦੀ ਧਰਮਕੋਟ ਬੱਸ ਸਟੈਂਡ ਵਿਖੇ ਕਬੂਤਰਾਂ ਦੀ ਦੁਕਾਨ ਹੈ ਅਤੇ ਹਰਪ੍ਰੀਤ ਦੁਕਾਨ ਬੰਦ ਕਰ ਕੇ ਅਰਸ਼ਦੀਪ ਨਾਲ ਮੋਟਰਸਾਈਕਲ ‘ਤੇ ਬੈਠਾ ਸੀ। ਕੁਝ ਲੋਕਾਂ ਨੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਆਪਸ ਵਿੱਚ ਬਹਿਸ ਹੋ ਗਈ ਅਤੇ ਫਿਰ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਮਾਮਲੇ ‘ਚ ਪੁਲਿਸ ਨੇ 10 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।