ਤਨਮਯ | ਮੋਗਾ
ਮੋਗਾ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਕੀਤੇ ਆਪ੍ਰੇਸ਼ਨ ਤੋਂ ਬਾਅਦ ਇੱਕ ਪ੍ਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਇੱਥੋਂ ਦੀ ਇਕ 20 ਸਾਲਾ ਪ੍ਰੈਗਨੈਂਟ ਕੁੜੀ ਦੀ ਆਪ੍ਰੇਸ਼ਨ ਤੋਂ ਬਾਅਦ ਮੌਤ ਹੋ ਗਈ ਸੀ। ਉਸ ਦੇ ਸੰਸਕਾਰ ਤੋਂ ਬਾਅਦ ਪਰਿਵਾਰ ਜਦੋਂ ਅਸਥੀਆਂ ਚੁੱਕਣ ਗਿਆ ਤਾਂ ਅਸਥੀਆਂ ਵਿੱਚੋਂ ਇੱਕ ਕੈਂਚੀ ਵੀ ਨਿਕਲੀ।
ਪਰਿਵਾਰ ਦਾ ਇਲਜਾਮ ਹੈ ਕਿ ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਕੈਂਚੀ ਛੱਡ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਕੁੜੀ ਦੀ ਮੌਤ ਹੋ ਗਈ ਹੈ।
ਘਟਨਾ ਮੋਗਾ ਦੇ ਨੇੜੇ ਪੈਂਦੇ ਪਿੰਡ ਬੁਧ ਸਿੰਘ ਵਾਲਾ ਦੀ ਹੈ। ਕੁਝ ਦਿਨ ਪਹਿਲਾਂ ਗਰਭਵਤੀ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਸਰਕਾਰੀ ਹਸਪਤਾਲ ਮੋਗਾ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਕੱਲ੍ਹ ਉਸ ਦੀ ਮੌਤ ਹੋ ਗਈ।
ਮੰਗਲਵਾਰ ਨੂੰ ਜਦੋਂ ਪਰਿਵਾਰ ਅਸਥੀਆਂ ਲੈਣ ਗਿਆ ਤਾਂ ਅਸਥੀਆਂ ਦੇ ਨਾਲ ਇੱਕ ਕੈਂਚੀ ਅਤੇ ਹੋਰ ਔਜਾਰ ਮਿਲੇ। ਪਰਿਵਾਰ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਜਿਸ ਨੇ ਕੈਂਚੀ ਨੂੰ ਕਬਜੇ ਵਿੱਚ ਲੈ ਲਿਆ ਹੈ।
ਮੋਗਾ ਦੇ ਸਰਕਾਰੀ ਹਸਪਤਾਲ ਦੀ ਗਾਇਨੀ ਡਾਕਟਰ ਸਿਮਰਤ ਕੌਰ ਦਾ ਇਸ ਬਾਰੇ ਕਹਿਣਾ ਹੈ ਕਿ 6 ਤਰੀਕ ਨੂੰ ਕੁੜੀ ਨੂੰ ਦਾਖਲ ਕੀਤਾ ਗਿਆ ਸੀ। ਐਤਵਾਰ ਨੂੰ ਉਸ ਨੂੰ ਸਾਂਹ ਲੈਣ ‘ਚ ਦਿੱਕਤ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ। ਉੱਥੇ ਹੀ ਉਸ ਦੀ ਮੌਤ ਹੋਈ ਹੈ। ਜਿਹੜੀ ਕੈਂਚੀ ਮਿਲੀ ਹੈ ਉਸ ਤਰ੍ਹਾਂ ਦੀ ਕੈਂਚੀ ਅਸੀਂ ਅਪ੍ਰੇਸ਼ਨ ਦੌਰਾਨ ਇਸਤੇਮਾਲ ਨਹੀਂ ਕਰਦੇ। ਅਜਿਹੀ ਕੈਂਚੀ ਹਸਪਤਾਲ ਵਿੱਚ ਹੁੰਦੀ ਵੀ ਨਹੀਂ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਜਿਹੀ ਕੈਂਚੀ ਕੁੜੀ ਦੇ ਪੇਟ ਵਿੱਚ ਕਿੱਥੋਂ ਆਈ।