ਮੋਗਾ | ਇਥੋਂ ਇਕ ਅਨੋਖੀ ਵਾਰਦਾਤ ਸਾਹਮਣੇ ਆਈ ਹੈ। ਕਾਰ ਸਵਾਰ ਵਿਅਕਤੀ ਵੱਲੋਂ ਔਰਤ ਨੂੰ ਲਿਫਟ ਦੇਣੀ ਮਹਿੰਗੀ ਪੈ ਗਈ ਜਦੋਂ ਔਰਤ ਵਿਅਕਤੀ ਦੀ ਕਾਰ ਲੈ ਕੇ ਫਰਾਰ ਹੋ ਗਈ। ਭੁਪਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬੈਂਕ ਕਾਲੋਨੀ ਹਰਿਆਣਾ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਗਿਆ ਕਿ ਉਹ 5 ਮਾਰਚ ਨੂੰ ਕਰਨਾਲ ਤੋਂ ਆਪਣੀ ਭਤੀਜੀ ਅਮਨਦੀਪ ਕੌਰ ਨੂੰ ਮਿਲਣ ਮੋਗਾ ਆ ਰਿਹਾ ਸੀ। ਦੁਪਹਿਰ ਨੂੰ ਟੋਲ ਪਲਾਜ਼ਾ ਮੁੱਲਾਂਪੁਰ ਪੁੱਜਾ ਤਾਂ ਇਕ ਅਣਪਛਾਤੀ ਔਰਤ ਨੇ ਹੱਥ ਦਿੱਤਾ ਤੇ ਲਿਫਟ ਮੰਗੀ। ਅਣਪਛਾਤੀ ਔਰਤ ਕਾਰ ਵਿਚ ਬੈਠ ਗਈ।
ਔਰਤ ਨੇ ਕਿਹਾ ਕਿ ਮੈਨੂੰ ਰਸਤੇ ਦਾ ਪਤਾ ਹੈ ਤਾਂ ਉਹ ਉਸ ਦੇ ਦੱਸੇ ਰਸਤੇ ਵੱਲ ਤੁਰ ਪਿਆ, ਔਰਤ ਮੋਗਾ ਦੀ ਬਜਾਏ ਕੋਟ ਇਸੇ ਖਾਂ ਵੱਲ ਲੈ ਆਈ। ਪੀੜਤ ਨੇ ਦੱਸਿਆ ਕਿ ਜਦੋਂ ਉਹ ਪਿੰਡ ਗਗੜਾ ਦੀ ਨਹਿਰ ਦੇ ਪੁਲ ਕੋਲ ਕਾਰ ਰੋਕ ਕੇ ਪੇਸ਼ਾਬ ਕਰਨ ਲਈ ਕਾਰ ਵਿਚੋਂ ਉਤਰਿਆ ਤਾਂ ਔਰਤ ਕਾਰ ਭਜਾ ਕੇ ਲੈ ਗਈ।
ਪੁਲਿਸ ਨੇ ਭੁਪਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ‘ਤੇ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।