ਮੋਗਾ | ਜ਼ਿਲੇ ‘ਚ ਪੈਂਦੇ ਇਕ ਪਿੰਡ ਦੀ ਇਕ ਲੜਕੀ ਵੱਲੋਂ ਕਥਿਤ ਪ੍ਰੇਮ ਸੰਬੰਧਾਂ ਕਾਰਨ ਵਿਆਹ ਤੋਂ 10 ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ-ਲੀਲਾ ਖਤਮ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ 30 ਅਕਤੂਬਰ ਨੂੰ ਤੈਅ ਹੋਇਆ ਸੀ ਪਰ ਸਾਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ ਨੇੜੇ ਦੇ ਪਿੰਡ ਦੇ ਇਕ ਲੜਕੇ ਨਾਲ ਕਰੀਬ 8-10 ਸਾਲ ਤੋਂ ਉਸ ਦੀ ਦੋਸਤੀ ਹੈ।
ਉਨ੍ਹਾਂ ਨੇ ਬੇਟੀ ਨੂੰ ਬਹੁਤ ਸਮਝਾਇਆ, ਜਦੋਂ ਉਹ ਉਕਤ ਲੜਕੇ ਨੂੰ ਸਮਝਾਉਣ ਉਸ ਦੇ ਪਿੰਡ ਗਏ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਤੇ ਆਪਣੇ ਚਚੇਰੇ ਭਰਾ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦੇ ਦਿੱਤੀ। ਜਦੋਂ ਉਹ ਘਰ ਪਹੁੰਚੇ ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਸਹਾਇਕ ਥਾਣੇਦਾਰ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਧਾਰਾ 174 ਦੀ ਕਾਰਵਾਈ ਕਰਨ ਤੋਂ ਬਾਅਦ ਲਾਸ਼ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।