ਮੋਗਾ : ਵਿਦਿਆਰਥਣ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ! ਵਿਰੋਧ ਕਰਨ ‘ਤੇ ਦੋਸਤਾਂ ਨੇ ਸਟੇਡੀਅਮ ਤੋਂ ਥੱਲੇ ਸੁੱਟਿਆ, ਜਬਾੜਾ ਤੇ ਲੱਤਾਂ ਟੁੱਟੀਆਂ

0
2873

ਮੋਗਾ। ਪੰਜਾਬ ਦੇ ਮੋਗਾ ਸ਼ਹਿਰ ਵਿੱਚ ਸਟੇਡੀਅਮ ਵਿੱਚ ਟਿਊਸ਼ਨ ਤੋਂ ਵਾਪਸ ਪਰਤ ਰਹੀ ਵਿਦਿਆਰਥਣ ਨਾਲ ਜ਼ਬਰਦਸਤੀ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਨੇ ਕੁੜੀ ਨੂੰ ਸਟੇਡੀਅਮ ਵਿੱਚ ਲਿਜਾ ਕੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਗਾਲ੍ਹਾਂ ਵੀ ਕੱਢੀਆਂ। ਸਟੇਡੀਅਮ ਵਿੱਚ ਲਿਜਾ ਕੇ ਨੌਜਵਾਨਾਂ ਨੇ ਪਹਿਲਾਂ ਕੁੜੀ ਦਾ ਫੋਨ ਖੋਹ ਲਿਆ ਤੇ ਬਾਅਦ ਵਿੱਚ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਦਿੱਤੀ। ਜਦੋਂ ਕੁੜੀ ਨੇ ਆਪਣੇ ਆਪ ਨੂੰ ਬਚਾਉਣ ਲਈ ਰੌਲਾ ਪਾਇਆ ਤਾਂ ਪਹਿਲਾਂ ਇੱਕ ਨੌਜਵਾਨ ਨੇ ਉਸ ਦੇ ਮੂੰਹ ‘ਤੇ ਇੱਟ ਮਾਰ ਦਿੱਤੀ ਤੇ ਬਾਅਦ ਵਿੱਚ ਉਸ ਨੂੰ ਸਟੇਡੀਅਮ ਦੀਆਂ ਪੌੜੀਆਂ ਤੋਂ 25 ਫੁੱਟਉੱਪਰੋਂ ਧੱਕਾ ਦੇ ਦਿੱਤਾ। ਇੰਨੀ ਉਚਾਈ ਤੋਂ ਡਿੱਗਣ ਤੋਂ ਬਾਅਦ ਕੁੜੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਜਬਾੜਾ ਵੀ ਟੁੱਟ ਗਿਆ । ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਟਿਊਸ਼ਨ ਪੜ੍ਹ ਕੇ ਵਾਪਸ ਘਰ ਆਈ ਸੀ ਤੇ ਬਾਅਦ ਵਿਚ ਹੀ ਉਹ ਘਰ ਕੋਲ ਬਣੇ ਸਟੇਡੀਅਮ ਵਿੱਚ ਚਲੀ ਗਈ। ਉੱਥੇ ਉਸਦੀ ਪਹਿਚਾਣ ਦਾ ਇੱਕ ਨੌਜਵਾਨ ਸੀ, ਜੋ ਉਸਨੂੰ ਗੱਲਾਂ ਵਿੱਚ ਲਗਾ ਕੇ ਉਸਨੂੰ ਸਟੇਡੀਅਮ ਦੀ ਛੱਤ ‘ਤੇ ਲੈ ਗਿਆ। ਛੱਤ ‘ਤੇ ਪਹਿਲਾਂ ਹੀ ਦੋ ਨੌਜਵਾਨ ਬੈਠੇ ਸਨ। ਜਿਸ ਤੋਂ ਬਾਅਦ ਤਿੰਨਾਂ ਨੇ ਉਸਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਕੁੜੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਸ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋਗਏ ਸਨ। ਇਸ ਘਟਨਾ ਸਬੰਧੀ ਥਾਣਾ ਸਿਟੀ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਘਟਨਾ ਦਾ ਪਤਾ ਲੱਗਿਆ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਖਮੀ ਕੁੜੀ ਨੂੰ ਤੁਰੰਤ DMC ਹਸਪਤਾਲ ਪਹੁੰਚਾਇਆ ਗਿਆ।  ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਕੁੜੀ ਹਾਲੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲੜ ਹੀ ਕੁੜੀ ਦੇ ਬਿਆਨ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।