ਮੋਗਾ ਏਅਰ ਹੋਸਟੈੱਸ ਅਕੈਡਮੀ ਮਾਮਲਾ : ਕੁੜੀਆਂ ਨੂੰ ਆਫਿਸ ‘ਚ ਬੁਲਾ ਕੇ ਚੈੱਕ ਕਰਦਾ ਸੀ ਫਿੱਗਰ, ਗ੍ਰਿਫਤਾਰ ਸੰਚਾਲਕ ਤੋੋਂ ਹੋਏ ਹੋਰ ਖੁਲਾਸੇ

0
983

ਮੋਗਾ| ਮੋਗਾ ਵਿਚ ਏਅਰ ਹੋਸਟੈੱਸ ਦਾ ਕੋਰਸ ਕਰਵਾਉਣ ਲਈ ਖੋਲ੍ਹੀ ਅਕੈਡਮੀ ਮਾਮਲੇ ਵਿਚ ਗ੍ਰਿਫਤਾਰ ਕੀਤੇ ਅਕੈਡਮੀ ਦੇ ਮਾਲਕ ਤੋਂ ਪੁੱਛਗਿੱਛ ਵਿਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।

ਕਸਬਾ ਬੱਧਨੀ ਕਲਾਂ ਵਿਚ ਏਅਰ ਹੋਸਟੈੱਸ ਅਕੈਡਮੀ ਖੋਲ੍ਹਣ ਮਗਰੋਂ ਸੰਚਾਲਕ ਨੇ ਇਸ ਨੂੰ ਅੱਯਾਸ਼ੀ ਦਾ ਅੱਡਾ ਬਣਾ ਲਿਆ ਸੀ। ਚਾਰ ਮਹੀਨੇ ਪਹਿਲਾਂ ਖੁੱਲ੍ਹੀ ਇਸ ਅਕੈਡਮੀ ਵਿਚ ਸਿਖਲਾਈ ਲੈਣ ਵਾਲੀਆਂ ਦੋ ਕੁੜੀਆਂ ਨੇ ਕੀਤੀ ਛੇੜਛਾੜ ਤੇ ਮਾੜੇ ਸਲੂਕ ਬਾਰੇ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਅਧਾਰ ’ਤੇ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਨੂੁੰ ਖ਼ਦਸ਼ਾ ਹੈ ਕਿ ਇਸ ਮਾਮਲੇ ਵਿਚ ਹਾਲੇ ਹੋਰ ਸ਼ਿਕਾਇਤਾਂ ਮਿਲ ਸਕਦੀਆਂ ਹਨ।

ਦੱਸਣਯੋਗ ਹੈ ਕਿ ਧਾਲੀਵਾਲ ਮਾਰਕੀਟ ਵਿਚ ਕਰੀਬ 4 ਮਹੀਨੇ ਪਹਿਲਾਂ ਕਸਬੇ ਦੇ ਵਸਨੀਕ ਮਨਪ੍ਰੀਤ ਸਿੰਘ ਮਾਰਕੰਡਾ ਨੇ ਨਯਾਯਾ ਏਵੀਏਸ਼ਨ ਐੱਲਐੱਲਪੀ ਏਅਰ ਹੋਸਟੈੱਸ ਅਕੈਡਮੀ ਚਲਾਈ ਸੀ। ਇਸ ਵਿਚ ਸਿਖਲਾਈ ਦੇਣ ਲਈ ਕੁੜੀਆਂ-ਮੁੰਡਿਆਂ ਨੂੰ ਦਾਖ਼ਲਾ ਦਿੱਤਾ ਗਿਆ ਸੀ। ਡੀਐੱਸਪੀ (ਟ੍ਰੇਨੀ) ਕਮ ਥਾਣਾ ਇੰਚਾਰਜ ਬੱਧਨੀਕਲਾਂ ਆਤਿਸ਼ ਭਾਟੀਆ ਨੇ ਦੱਸਿਆ ਕਿ ਅਕੈਡਮੀ ਵਿਚ ਤਿੰਨ ਦੁਕਾਨਾਂ ਸਨ। ਅੰਦਰ ਹਵਾਈ ਜਹਾਜ਼ ਦਾ ਢਾਂਚਾ ਬਣਾਇਆ ਹੋਇਆ ਸੀ। ਨਾਲ ਹੀ ਅਕੈਡਮੀ ਦੇ ਉੱਪਰ ਕੁਝ ਕਮਰੇ ਬਣੇ ਹੋਏ ਸਨ। ਹਾਲੇ ਤੱਕ ਜੋ ਤੱਥ ਸਾਹਮਣੇ ਆਏ ਹਨ, ਦੇ ਮੁਤਾਬਕ ਅਕੈਡਮੀ ਵਿਚ ਪੰਜ ਕੁੜੀਆਂ ਨੇ ਤੇ ਕੁਝ ਮੁੰਡਿਆਂ ਨੇ ਦਾਖ਼ਲਾ ਲਿਆ ਸੀ।

ਅਕੈਡਮੀ ਦਾ ਸੰਚਾਲਕ ਮਨਪ੍ਰੀਤ ਮਾਰਕੰਡਾ ਰਾਤ ਨੂੰ ਕੁੜੀਆਂ ਨੂੰ ਜਾਇਜ਼ਾ ਲੈਣ ਦੇ ਨਾਂ ਹੇਠ ਕਮਰੇ ਵਿਚ ਬੁਲਾਉਂਦਾ ਸੀ। ਉਨ੍ਹਾਂ ਨੂੰ ਦੱਸਦਾ ਹੁੰਦਾ ਸੀ ਕਿ ਏਅਰ ਹੋਸਟੈੱਸ ਬਣਨ ਲਈ ਉਨ੍ਹਾਂ ਨੂੰ ਫਿੱਗਰ ਚੰਗੀ ਬਣਾਉਣੀ ਪਵੇਗੀ, ਇਸ ਦੌਰਾਨ ਮਾਰਕੰਡਾ ਕੁੜੀਆਂ ਨੂੰ ਕੱਪੜੇ ਉਤਾਰਨ ਲਈ ਵੀ ਕਹਿੰਦਾ ਸੀ। ਬਾਅਦ ਵਿਚ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਦਾ ਸੀ।

ਮੁਲਜ਼ਮ ਮਾਰਕੰਡਾ ਖ਼ਿਲਾਫ਼ ਪਹਿਲੀ ਸ਼ਿਕਾਇਤ 14 ਅਗਸਤ ਨੂੰ ਆਈ ਸੀ। ਅਕੈਡਮੀ ਵਿਚ ਦਾਖ਼ਲਾ ਲੈਣ ਵਾਲੀ ਨਾਬਾਲਿਗ ਕੁੜੀ ਨੇ ਛੇੜਛਾੜ ਬਾਰੇ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਦੀ ਜਾਂਚ ਮਗਰੋਂ ਦੋਸ਼ ਸਹੀ ਪਾਏ ਜਾਣ ’ਤੇ ਪੁਲਿਸ ਨੇ ਮੁਲਜ਼ਮ ਮਨਪ੍ਰੀਤ ਸਿੰਘ ਮਾਰਕੰਡਾ ਨੂੰ ਗ੍ਰਿਫਤਾਰ ਕਰ ਲਿਆ ਸੀ। ਬਾਅਦ ਵਿਚ ਇਕ ਹੋਰ ਵਿਦਿਆਰਥਣ ਨੇ ਮਾਰਕੰਡੇ ਵਿਰੁੱਧ ਸ਼ਿਕਾਇਤ ਦਿੱਤੀ ਸੀ। ਇਹ ਮਾਮਲਾ ਵੀ ਪੁਲਿਸ ਨੇ ਦਰਜ ਕਰ ਲਿਆ ਤੇ ਮੁਲਜ਼ਮ ਦਾ ਦੋ ਦਿਨਾਂ ਦਾ ਰਿਮਾਂਡ ਹਾਸਿਲ ਕਰ ਲਿਆ ਸੀ।