ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਵਿਧਾਇਕ ਬੈਂਸ ਹੋਣਗੇ ਗ੍ਰਿਫਤਾਰ, ਅਦਾਲਤ ਨੇ ਜਾਰੀ ਕੀਤਾ ਵਾਰੰਟ

0
1612

ਲੁਧਿਆਣਾ | ਲੁਧਿਆਣਾ ਦੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦਾ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਵਿਧਾਇਕ ਵੱਲੋਂ ਕੋਰੋਨਾ ਕਾਲ ਦੌਰਾਨ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਸੀ।

ਦੱਸ ਦੇਈਏ ਕਿ ਵਿਧਾਇਕ ਬੈਂਸ ਤੇ ਉਨ੍ਹਾਂ ਦੇ ਕਈ ਹੋਰ ਸਾਥੀਆਂ ਵਿਰੁੱਧ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੇ ਆਰੋਪ ‘ਚ ਕੇਸ ਦਰਜ ਕੀਤਾ ਗਿਆ ਸੀ।

ਡਵੀਜ਼ਨ ਨੰਬਰ 5 ਵੱਲੋਂ ਦਰਜ ਕੀਤੇ ਗਏ ਕੇਸ ਮੁਤਾਬਕ 11 ਅਗਸਤ 2020 ਨੂੰ ਲੋਕ ਇਨਸਾਫ ਪਾਰਟੀ ਦੇ ਵਰਕਰ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਈਆਂ ਪਾਬੰਦੀਆਂ ਦਾ ਉਲੰਘਣ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਨਾ ਤਾਂ ਕਿਸੇ ਨੇ ਮੂੰਹ ‘ਤੇ ਮਾਸਕ ਲਾਇਆ ਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਸੀ।

ਪੁਲਿਸ ਨੇ ਉਨ੍ਹਾਂ ਵਿਰੁੱਧ ਅਦਾਲਤ ‘ਚ ਚਲਾਨ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਆਰੋਪੀਆਂ ਨੂੰ ਸੰਮਨ ਭੇਜ ਕੇ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ। ਸੰਮਨ ਮਿਲਣ ਦੇ ਬਾਵਜੂਦ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਅਦਾਲਤ ਨੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦਾ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਤੇ 5 ਅਕਤੂਬਰ ਤੱਕ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਹੈ।