ਗੋਲਡਨ ਟੈਂਪਲ ਮੇਲ ‘ਤੇ ਸ਼ਰਾਰਤੀ ਅਨਸਰਾਂ ਨੇ ਮਾਰੇ ਪੱਥਰ ; ਟਰੇਨ ਦੇ ਟੁੱਟੇ ਸ਼ੀਸ਼ੇ, ਯਾਤਰੀਆਂ ‘ਚ ਸਹਿਮ

0
339

ਅੰਮ੍ਰਿਤਸਰ | ਸ਼ਨੀਵਾਰ ਰਾਤ ਮੁੰਬਈ ਤੋਂ ਅੰਮ੍ਰਿਤਸਰ ਆ ਰਹੀ ਗੋਲਡਨ ਟੈਂਪਲ ਮੇਲ ਟਰੇਨ ਨੰਬਰ 12903 ‘ਤੇ ਅਣਪਛਾਤੇ ਨੌਜਵਾਨਾਂ ਨੇ ਪੱਥਰ ਸੁੱਟੇ। ਹਾਲਾਂਕਿ ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਦਸੇ ਕਾਰਨ ਗੱਡੀ ਅੰਦਰ ਸਵਾਰ ਯਾਤਰੀਆਂ ‘ਚ ਸਹਿਮ ਦਾ ਮਾਹੌਲ ਬਣ ਗਿਆ। ਰਾਤ 11.23 ਵਜੇ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਰੇਲਵੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਟਰੇਨ 12 ਮਈ ਨੂੰ ਮੁੰਬਈ ਤੋਂ ਰਵਾਨਾ ਹੋਈ ਸੀ। 13 ਮਈ ਦੀ ਰਾਤ ਨੂੰ ਇਹ ਟਰੇਨ ਬਿਆਸ ਰੇਲਵੇ ਸਟੇਸ਼ਨ ਤੋਂ 12.45 ‘ਤੇ ਰਵਾਨਾ ਹੋਈ ਸੀ। ਕੁਝ ਮਿੰਟਾਂ ਬਾਅਦ ਰੇਲਗੱਡੀ ‘ਤੇ ਪੱਥਰਬਾਜ਼ੀ ਦੀ ਆਵਾਜ਼ ਆਉਣ ਲੱਗੀ। ਸਥਿਤੀ ਉਦੋਂ ਹੋਰ ਵੀ ਸੰਵੇਦਨਸ਼ੀਲ ਹੋ ਗਈ ਜਦੋਂ ਰੇਲ ਗੱਡੀ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਖਿੜਕੀਆਂ ਦੇ ਸ਼ੀਸ਼ੇ ‘ਤੇ ਪੱਥਰ ਡਿੱਗ ਪਏ।

ਮੁੰਬਈ ਤੋਂ ਅੰਮ੍ਰਿਤਸਰ ਆ ਰਹੇ ਪ੍ਰਵੀਨ ਜੈਨ ਨੇ ਦੱਸਿਆ ਕਿ ਘਟਨਾ ਕਾਰਨ ਟਰੇਨ ਦੇ ਏਸੀ ਕੋਚ ਬੀ1 ਅਤੇ ਬੀ2 ਦੀਆਂ ਕਈ ਖਿੜਕੀਆਂ ਟੁੱਟ ਗਈਆਂ। ਟਰੇਨ ‘ਚ ਡਬਲ ਲੇਅਰ ਸ਼ੀਸ਼ੇ ਹੋਣ ਕਾਰਨ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਖਿੜਕੀਆਂ ਦੀਆਂ ਬਾਹਰਲੀਆਂ ਪਰਤਾਂ ਟੁੱਟੀਆਂ ਹੋਈਆਂ ਸਨ ਪਰ ਅੰਦਰਲੇ ਸ਼ੀਸ਼ੀਆਂ ‘ਚ ਸਿਰਫ਼ ਤਰੇੜਾਂ ਹੀ ਦਿਖਾਈ ਦਿੰਦੀਆਂ ਸਨ, ਜਿਸ ਕਾਰਨ ਸਵਾਰੀਆਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜੇਕਰ ਅੰਦਰਲਾ ਸ਼ੀਸ਼ਾ ਵੀ ਟੁੱਟ ਜਾਂਦਾ ਤਾਂ ਅੰਦਰ ਬੈਠੇ ਯਾਤਰੀ ਸ਼ੀਸ਼ੇ ਅਤੇ ਪੱਥਰਾਂ ਨਾਲ ਜ਼ਖਮੀ ਹੋ ਸਕਦੇ ਸਨ।