ਕਰਨਾਲ/ਚੰਡੀਗੜ੍ਹ | ਇਕ ਔਰਤ ਨੇ 24 ਉਂਗਲਾਂ ਵਾਲੇ ਬੱਚੇ ਨੂੰ ਜਨਮ ਦਿੱਤਾ, ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਹੈ। ਬੱਚੇ ਦੀਆਂ ਉਂਗਲਾਂ ਦੇਖ ਕੇ ਪਰਿਵਾਰਕ ਮੈਂਬਰ ਹੀ ਨਹੀਂ ਸਗੋਂ ਡਾਕਟਰ ਵੀ ਹੈਰਾਨ ਰਹੇ ਗਏ। ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਮੰਨਿਆ ਜਾ ਰਿਹਾ ਹੈ ਤੇ ਲੋਕ ਬੱਚੇ ਨੂੰ ਦੇਖਣ ਲਈ ਹਸਪਤਾਲ ਪਹੁੰਚ ਰਹੇ ਹਨ।
ਕੁੰਜਪੁਰਾ ਸਿਹਤ ਕੇਂਦਰ ‘ਚ ਰਚਨਾ ਨਾਂ ਦੀ ਔਰਤ ਡਲਿਵਰੀ ਲਈ ਦਾਖਲ ਹੋਈ ਸੀ, ਜਿਸ ਨੇ ਨਾਰਮਲ ਰੂਪ ‘ਚ ਬੱਚੇ ਨੂੰ ਜਨਮ ਦਿੱਤਾ ਪਰ ਡਾਕਟਰ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਉਨ੍ਹਾਂ ਬੇਬੀ ਕੇਅਰ ਲਿਜਾ ਕੇ ਬੱਚੇ ਦੀ ਜਾਂਚ ਕੀਤੀ ਤੇ ਦੋਵਾਂ ਹੱਥਾਂ-ਪੈਰਾਂ ਦੀਆਂ ਉਂਗਲਾਂ 6-6 ਦੇਖੀਆਂ। ਉਨ੍ਹਾਂ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਵੀ ਹੈਰਾਨ ਰਹਿ ਗਏ।
ਬੱਚੇ ਦੇ ਭਰਾ ਦੇ ਹੱਥ ਦੀਆਂ 6 ਉਂਗਲਾਂ
ਉਥੇ ਹੀ ਬੱਚੇ ਨੂੰ ਜਨਮ ਦੇਣ ਵਾਲੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਰੀਬ 5 ਸਾਲ ਦਾ ਇਕ ਬੇਟਾ ਹੈ, ਜਿਸ ਦੇ ਇਕ ਹੱਥ ਦੀਆਂ 6 ਉਂਗਲਾਂ ਹਨ ਪਰ ਉਨ੍ਹਾਂ ਪਹਿਲਾਂ ਕਦੀ ਸੁਣਿਆ ਵੀ ਨਹੀਂ ਸੀ ਕਿ ਦੋਵਾਂ ਹੱਥਾਂ-ਪੈਰਾਂ ਦੀਆਂ ਵੀ 6-6 ਉਂਗਲਾਂ ਹੋ ਸਕਦੀਆਂ ਹਨ।
ਡਾਕਟਰ ਬੋਲੇ- ਨਹੀਂ ਦੇਖਿਆ ਅਜਿਹਾ ਚਮਤਕਾਰ
ਡਾ. ਸ਼ਸ਼ੀ ਬਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ 20 ਸਾਲ ਦੇ ਕਰੀਅਰ ‘ਚ ਅੱਜ ਤੱਕ ਇਕ ਵੀ ਅਜਿਹੇ ਬੱਚੇ ਨੇ ਜਨਮ ਨਹੀਂ ਲਿਆ, ਜਿਸ ਦੇ ਹੱਥਾਂ-ਪੈਰਾਂ ਦੀਆਂ 6-6 ਉਂਗਲਾਂ ਹੋਣ। ਉਨ੍ਹਾਂ ਦੱਸਿਆ ਕਿ ਇਹ ਕੁਦਰਤ ਦਾ ਹੀ ਚਮਤਕਾਰ ਹੈ। ਮਾਂ ਤੇ ਬੇਟਾ ਦੋਵੇਂ ਪੂਰੀ ਤਰ੍ਹਾਂ ਸਿਹਤਮੰਦ ਹਨ।
ਔਰਤ ਨੇ ਨਾਰਮਲ ਡਲਿਵਰੀ ਨਾਲ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਨੂੰ ਦੇਖ ਕੇ ਪੂਰਾ ਸਟਾਫ ਹੀ ਨਹੀਂ, ਦੂਸਰੇ ਮਰੀਜ਼ ਤੇ ਉਨ੍ਹਾਂ ਨਾਲ ਆਏ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ। ਹੁਣ ਪਿੰਡ ‘ਚ ਵੀ ਲੋਕ ਬੱਚੇ ਨੂੰ ਦੇਖਣ ਪਹੁੰਚ ਰਹੇ ਹਨ।